2 ਰਾਜਿਆਂ 21
Punjabi Bible: Easy-to-Read Version
ਮਨੱਸ਼ਹ ਦਾ ਯਹੂਦਾਹ ਉੱਪਰ ਭੈੜਾ ਰਾਜ ਕਰਨਾ
21 ਮਨੱਸ਼ਹ 12 ਸਾਲਾਂ ਦਾ ਸੀ ਜਦ ਉਸ ਨੇ ਰਾਜ ਕਰਨਾ ਸ਼ੁਰੂ ਕੀਤਾ। ਉਸ ਨੇ ਯਰੂਸ਼ਲਮ ਵਿੱਚ 55ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਹਫ਼ਸੀਬਾਹ ਸੀ।
2 ਮਨੱਸ਼ਹ ਨੇ ਵੀ ਉਹੀ ਗੱਲਾਂ ਕੀਤੀਆਂ ਜੋ ਯਹੋਵਾਹ ਨੇ ਆਖਿਆ ਕਿ ਗ਼ਲਤ ਸਨ। ਉਸ ਨੇ ਵੀ ਬਾਕੀ ਕੌਮਾਂ ਵਾਂਗ ਹੀ ਭੈੜੇ ਕੰਮ ਕੀਤੇ ਜਦੋਂ ਇਸਰਾਏਲੀ ਆਏ ਤੇ ਯਹੋਵਾਹ ਨੇ ਉਨ੍ਹਾਂ ਸਾਰੀਆਂ ਕੌਮਾਂ ਨੂੰ ਬਾਹਰ ਕੱਢ ਦਿੱਤਾ। 3 ਮਨੱਸ਼ਹ ਨੇ ਫ਼ਿਰ ਉੱਚੀਆਂ ਥਾਵਾਂ ਨੂੰ ਬਣਾਇਆ। ਜਿਹੜੀਆਂ ਕਿ ਉਸ ਦੇ ਪਿਤਾ ਹਿਜ਼ਕੀਯਾਹ ਨੇ ਨਸ਼ਟ ਕਰਵਾਈਆਂ ਸਨ। ਉਸ ਨੇ ਮੁੜ ਤੋਂ ਜਗਵੇਦੀਆਂ, ਬਆਲ ਦੇਵਤੇ ਲਈ ਬਣਵਾਈਆਂ ਅਤੇ ਅਸ਼ੀਰਾਹ ਦੇ ਟੁੰਡ (ਖੰਭ) ਬਣਵਾਏ ਜਿਵੇਂ ਕਿ ਇਸਰਾਏਲ ਦੇ ਪਾਤਸ਼ਾਹ ਅਹਾਬ ਨੇ ਬਣਵਾਏ ਸਨ। ਮਨੱਸ਼ਹ ਨੇ ਸਾਰੇ ਸੁਰਗੀ ਲਸ਼ਕਰਾਂ ਨੂੰ ਮੱਥਾ ਟੇਕਿਆ ਤੇ ਉਹਨਾਂ ਉਪਾਸਨਾ ਕੀਤੀ। 4 ਮਨੱਸ਼ਹ ਨੇ ਯਹੋਵਾਹ ਦੇ ਮੰਦਰ ਵਿੱਚ ਝੂਠੇ ਦੇਵਤਿਆਂ ਨੂੰ ਸਨਮਾਨ ਦੇਣ ਲਈ ਜਗਵੇਦੀਆਂ ਬਣਵਾਈਆਂ। ਇਹ ਉਹੀ ਜਗ੍ਹਾ ਹੈ ਜਿਸ ਬਾਰੇ ਯਹੋਵਾਹ ਗੱਲ ਕਰ ਰਿਹਾ ਸੀ, ਜਦੋਂ ਉਸ ਨੇ ਇਹ ਆਖਿਆ ਸੀ, “ਮੈਂ ਯਰੂਸ਼ਲਮ ਵਿੱਚ ਆਪਣਾ ਨਾਂ ਰੱਖਾਂਗਾ।” 5 ਮਨੱਸ਼ਹ ਨੇ ਯਹੋਵਾਹ ਦੇ ਮੰਦਰ ਦੇ ਦੋਨੋ ਵਿਹੜਿਆਂ ਵਿੱਚ ਅਕਾਸ਼ ਦੇ ਸਾਰੇ ਲਸ਼ਕਰਾਂ ਲਈ ਜਗਵੇਦੀਆਂ ਬਣਾਈਆਂ। 6 ਉਸ ਨੇ ਆਪਣੇ ਪੁੱਤਰ ਨੂੰ ਅੱਗ ਵਿੱਚੋਂ ਦੀ ਲੰਘਾਇਆ। ਅਤੇ ਉਸ ਨੇ ਭਵਿੱਖ ਨੂੰ ਜਾਨਣ ਵਾਸਤੇ ਵੱਖੋ-ਵੱਖ ਤਰੀਕੇ ਅਪਣਾਏ। ਉਸ ਨੇ ਟੂਣੇ-ਟੋਟਕੇ ਕਰਨ ਵਾਲੇ ਜਾਦੂਗਰਾਂ ਨਾਲ ਵਾਸਤਾ ਰੱਖਿਆ।
ਉਸ ਨੇ ਅਨੇਕਾਂ ਬਦ-ਗੱਲਾਂ ਕਰਕੇ ਯਹੋਵਾਹ ਨੂੰ ਗੁੱਸੇ ਕੀਤਾ ਜਿਨ੍ਹਾਂ ਨੂੰ ਯਹੋਵਾਹ ਗ਼ਲਤ ਮੰਨਦਾ ਸੀ। 7 ਉਸ ਨੇ ਆਪਣੀ ਘੜੀ ਹੋਈ ਅਸ਼ੇਰਾਹ ਦੀ ਮੂਰਤ ਨੂੰ ਮੰਦਰ ਵਿੱਚ ਧਰ ਦਿੱਤਾ। ਯਹੋਵਾਹ ਨੇ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਨੂੰ ਇਸ ਮੰਦਰ ਬਾਰੇ ਆਖਿਆ ਸੀ ਕਿ, “ਮੈਂ ਇਸਰਾਏਲ ਦੇ ਸਾਰੇ ਸ਼ਹਿਰਾਂ ਵਿੱਚੋਂ ਯਰੂਸ਼ਲਮ ਨੂੰ ਚੁਣਿਆ ਹੈ ਅਤੇ ਮੈਂ ਯਰੂਸ਼ਲਮ ਦੇ ਮੰਦਰ ਵਿੱਚ ਹਮੇਸ਼ਾ ਲਈ ਆਪਣਾ ਨਾਂ ਰੱਖਾਂਗਾ। 8 ਮੈਂ ਇਸਰਾਏਲ ਦੇ ਲੋਕਾਂ ਨੂੰ ਉਸ ਜ਼ਮੀਨ ਤੋਂ ਬਾਹਰ ਨਹੀਂ ਭਟਕਣ ਦੇਵਾਂਗਾ ਜੋ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ, ਜੇਕਰ ਉਹ ਮੇਰੇ ਦਿੱਤੇ ਹੋਏ ਹੁਕਮਾਂ ਅਤੇ ਆਗਿਆਵਾਂ ਦੇ ਮੁਤਾਬਕ ਜਿਸ ਦਾ ਹੁਕਮ ਮੇਰੇ ਸੇਵਕ ਮੂਸਾ ਨੇ ਉਨ੍ਹਾਂ ਨੂੰ ਦਿੱਤਾ ਸੀ ਪੂਰਾ ਕਰਕੇ ਉਸਦਾ ਪਾਲਨ ਕਰਨ।” 9 ਪਰ ਲੋਕਾਂ ਨੇ ਪਰਮੇਸ਼ੁਰ ਦੀ ਗੱਲ ਨਾ ਸੁਣੀ। ਮਨੱਸ਼ਹ ਨੇ ਉਨ੍ਹਾਂ ਤੋਂ ਉਨ੍ਹਾਂ ਲੋਕਾਂ ਨਾਲੋਂ ਵੀ ਭੈੜੇ ਕੰਮ ਕਰਵਾਏ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲ ਦੀ ਖਾਤਰ ਤਬਾਹ ਕੀਤਾ ਸੀ।
10 ਯਹੋਵਾਹ ਨੇ ਆਪਣੇ ਸੇਵਕਾਂ, ਨਬੀਆਂ ਨੂੰ ਇਹ ਆਖਣ ਲਈ ਭੇਜਿਆ: 11 “ਯਹੂਦਾਹ ਦੇ ਪਾਤਸ਼ਾਹ ਮਨੱਸ਼ਹ ਨੇ ਇਹ ਬੁਰੇ ਘਿਰਣਾ ਯੋਗ ਕੰਮ ਕੀਤੇ ਹਨ ਅਤੇ ਅਮੋਰੀਆਂ ਨਾਲੋਂ ਜੋ ਉਸ ਤੋਂ ਪਹਿਲਾਂ ਸਨ ਉਨ੍ਹਾਂ ਤੋਂ ਵੀ ਵੱਧਕੇ ਉਸ ਨੇ ਭੈੜੇ ਕੰਮ ਕੀਤੇ ਹਨ। ਇੰਨਾਂ ਹੀ ਨਹੀਂ ਸਗੋਂ ਉਸ ਨੇ ਯਹੂਦਾਹ ਤੋਂ ਵੀ ਆਪਣੇ ਬਣਾਏ ਹੋਏ ਬੁੱਤਾਂ ਦੇ ਨਾਲ ਪਾਪ ਕਰਵਾਇਆ ਹੈ। 12 ਇਸ ਲਈ ਇਸਰਾਏਲ ਦਾ ਯਹੋਵਾਹ ਆਖਦਾ ਹੈ, ‘ਵੇਖੋ! ਮੈਂ ਯਰੂਸ਼ਲਮ ਅਤੇ ਯਹੂਦਾਹ ਲਈ ਮੁਸੀਬਤਾਂ ਲਿਆਵਾਂਗਾ ਅਤੇ ਜੋ ਵੀ ਕੋਈ ਇਸ ਬਾਰੇ ਸੁਣੇਗਾ ਹੈਰਾਨ ਹੋ ਜਾਵੇਗਾ। ਉਹ ਹੈਰਾਨਕੁਨ ਰਹਿ ਜਾਵੇਗਾ। 13 ਮੈਂ ਯਰੂਸ਼ਲਮ ਉੱਪਰ ਉਹ ਮਾਪਕ ਲਕੀਰ ਖਿੱਚਾਗਾਂ ਜੋ ਸਾਮਰਿਯਾ ਦੇ ਖਿਲਾਫ਼ ਵਰਤੀ ਸੀ ਅਤੇ ਉਹ ਸਾਹਲ ਜੋ ਮੈ ਆਹਾਬ ਦੇ ਘਰ ਦੇ ਵਿਰੁੱਧ ਵਰਤੀ ਸੀ। ਮੈਂ ਯਰੂਸ਼ਲਮ ਨੂੰ ਪਲਟ ਦੇਵਾਂਗਾ ਜਿਵੇਂ ਕੋਈ ਵਿਅਕਤੀ ਭਾਂਡਾ ਪੂੰਝ ਕੇ ਇਸ ਨੂੰ ਮੂਧਾ ਮਾਰ ਦਿੱਤਾ ਹੈ। 14 ਉੱਥੋਂ ਫ਼ਿਰ ਭੀ ਮੇਰੇ ਕੁਝ ਲੋਕ ਬਚੇ ਰਹਿਣਗੇ, ਪਰ ਮੈਂ ਉਨ੍ਹਾਂ ਨੂੰ ਛੱਡ ਦੇਵਾਂਗਾ, ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹਵਾਲੇ ਕਰਾਂਗਾ। ਉਨ੍ਹਾਂ ਦੇ ਵੈਰੀ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਣਗੇ ਤੇ ਉਹ ਉਨ੍ਹਾਂ ਲਈ ਜੰਗ ਵਿੱਚ ਜਿੱਤੀਆਂ ਕੀਮਤੀ ਵਸਤਾਂ ਵਾਂਗ ਹੋਣਗੇ! 15 ਕਿਉਂ ਕਿ ਮੇਰੇ ਲੋਕਾਂ ਨੇ ਉਹ ਕੰਮ ਕੀਤੇ ਜਿਨ੍ਹਾਂ ਨੂੰ ਮੈਂ ਵਰਜਿਆ ਜਾਂ ਮਾੜਾ ਕਰਾਰ ਦਿੱਤਾ। ਉਨ੍ਹਾਂ ਨੇ ਮੈਨੂੰ ਆਪਣੇ ਨਾਲ ਨਰਾਜ਼ ਕੀਤਾ ਜਦ ਤੋਂ ਕਿ ਉਨ੍ਹਾਂ ਦੇ ਪੁਰਖੇ ਮਿਸਰ ਵਿੱਚੋਂ ਨਿਕਲੇ। 16 ਮਨੱਸਹ ਨੇ ਬੜੇ ਮਾਸੂਮ ਲੋਕਾਂ ਦਾ ਕਤਲ ਕੀਤਾ। ਉਸ ਨੇ ਯਰੂਸ਼ਲਮ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਸਾਰੀ ਜ਼ਮੀਨ ਨੂੰ ਖੂਨ ਨਾਲ ਲਬਰੇਜ਼ ਕਰ ਦਿੱਤਾ। ਅਤੇ ਉਹ ਸਾਰੇ ਪਾਪਾਂ ਦੇ ਨਾਲ ਮਨੱਸ਼ਹ ਨੇ ਯਹੂਦਾਹ ਤੋਂ ਉਹ ਪਾਪ ਕਰਵਾਏ ਕਿ ਉਹ ਯਹੋਵਾਹ ਦੀ ਨਿਗਾਹ ਵਿੱਚ ਬੁਰੇ ਲੱਗਣ।’”
17 ਮਨੱਸ਼ਹ ਨੇ ਜੋ ਵੀ ਪਾਪ ਕੀਤੇ, ਉਹ ਸਾਰੇ ਪਾਪ ਜਿਹੜੇ ਉਸ ਕੀਤੇ ਸਭ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। 18 ਮਨੱਸ਼ਹ ਜਦੋਂ ਮਰਿਆ ਤਾਂ ਮਰਨ ਉਪਰੰਤ ਉਸ ਨੂੰ ਉਸ ਦੇ ਪੁਰਖਿਆਂ ਦੇ ਕੋਲ ਹੀ ਦਫ਼ਨਾਇਆ ਗਿਆ। ਮਨੱਸ਼ਹ ਨੂੰ ਉਸ ਦੇ ਘਰਦੇ ਬਾਗ਼ ਵਿੱਚ ਹੀ ਦਫ਼ਨਾਇਆ ਗਿਆ ਜੋ ਕਿ “ਉੱਜ਼ਾ ਦਾ ਬਾਗ਼” ਕਹਾਉਂਦਾ ਸੀ। ਉਸ ਉਪਰੰਤ ਉਸਦਾ ਪੁੱਤਰ ਆਮੋਨ ਰਾਜ ਕਰਨ ਲੱਗਾ।
ਆਮੋਨ ਦਾ ਥੋੜੀ ਦੇਰ ਰਾਜ ਕਰਨਾ
19 ਆਮੋਨ ਜਦੋਂ ਰਾਜ ਕਰਨ ਲੱਗਾ ਤਾਂ ਉਹ 22 ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ ਦੋ ਸਾਲ ਰਾਜ ਕੀਤਾ। ਉਸਦੀ ਮਾਂ ਦਾ ਨਾਂ ਮਸ਼ੁੱਲਮਥ ਸੀ ਜੋ ਯਾਟਬਾਹੀ ਦੀ ਹਾਰੂਸ਼ ਦੀ ਧੀ ਸੀ।
20 ਆਮੋਨ ਨੇ ਵੀ ਆਪਣੇ ਪਿਤਾ ਵਾਂਗ ਉਹ ਗ਼ਲਤ ਕੰਮ ਕੀਤੇ। ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ। 21 ਆਮੋਨ ਨੇ ਵੀ ਆਪਣੇ ਪਿਉ ਵਾਂਗ ਹੀ ਉਨ੍ਹਾਂ ਬੁੱਤਾਂ ਦੀ ਉਪਾਸਨਾ ਅਤੇ ਸੇਵਾ ਕੀਤੀ। 22 ਉਸ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ, ਨੂੰ ਛੱਡ ਦਿੱਤਾ ਅਤੇ ਓਵੇਂ ਨਹੀਂ ਰਹਿਆ ਜਿਵੇਂ ਯਹੋਵਾਹ ਨੇ ਕਿਹਾ ਸੀ।
23 ਆਮੋਨ ਪਾਤਸ਼ਾਹ ਦੇ ਸੇਵਕਾਂ ਨੇ ਉਸ ਦੇ ਵਿਰੁੱਧ ਮਤਾ ਪਕਾ ਕੇ ਉਸ ਨੂੰ ਮਾਰ ਸੁੱਟਿਆ ਅਤੇ ਉਹ ਵੀ ਉਸ ਦੇ ਆਪਣੇ ਹੀ ਘਰ ਵਿੱਚ। 24 ਪਰ ਉਸ ਦੇਸ਼ ਦੇ ਲੋਕਾਂ ਨੇ ਉਨ੍ਹਾਂ ਸਾਰਿਆਂ ਨੂੰ ਮਾਰ ਛੱਡਿਆ ਜਿਨ੍ਹਾਂ ਨੇ ਆਮੋਨ ਪਾਤਸ਼ਾਹ ਦੇ ਵਿਰੁੱਧ ਵਿਉਂਤ ਬਣਾਈ ਸੀ। ਫ਼ਿਰ ਲੋਕਾਂ ਨੇ ਆਮੋਨ ਦੇ ਪੁੱਤਰ ਯੋਸੀਯਾਹ ਨੂੰ ਨਵਾਂ ਪਾਤਸ਼ਾਹ ਬਣਾਇਆ।
25 ਆਮੋਨ ਪਾਤਸ਼ਾਹ ਦੇ ਹੋਰ ਬਾਕੀ ਦੇ ਕੰਮ ਯਹੂਦਾਹ ਪਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 26 ਆਮੋਨ ਪਾਤਸ਼ਾਹ ਨੂੰ ਉੱਜ਼ਾ ਦੇ ਬਾਗ਼ ਵਿੱਚ ਹੀ ਦਫ਼ਨਾਇਆ ਗਿਆ ਅਤੇ ਉਸ ਉਪਰੰਤ ਉਸਦਾ ਪੁੱਤਰ ਯੋਸੀਯਾਹ ਨਵਾਂ ਪਾਤਸ਼ਾਹ ਬਣਿਆ।
2010 by Bible League International