Add parallel Print Page Options

ਮੰਦਰ ਲਈ ਸਮਾਨ

ਸੁਲੇਮਾਨ ਨੇ ਪਿੱਤਲ ਦੀ ਇੱਕ ਜਗਵੇਦੀ ਬਣਾਈ। ਉਸ ਜਗਵੇਦੀ ਦੀ ਲੰਬਾਈ 20 ਹੱਥ ਅਤੇ ਚੌੜਾਈ ਵੀ 20 ਹੱਥ ਸੀ ਤੇ ਉਸ ਦੀ ਉੱਚਾਈ 10 ਹੱਥ ਸੀ। ਫ਼ਿਰ ਸੁਲੇਮਾਨ ਨੇ ਇੱਕ ਵਿਸ਼ਾਲ ਹੌਦ ਬਨਾਉਣ ਲਈ ਢਾਲਿਆ ਹੋਇਆ ਪਿੱਤਲ ਵਰਤਿਆ ਅਤੇ ਉਸ ਤਲਾਅ ਦਾ ਜੋ ਕਿ ਗੋਲ ਸੀ ਉਸਦਾ ਘੇਰਾ 10 ਹੱਥ ਸੀ। ਉਸਦੀ ਉਚਾਈ 5 ਹੱਥ ਅਤੇ ਘੇਰੇ ਦੀ ਮਿਣਤੀ 30 ਹੱਥ ਸੀ। ਕਾਂਸੇ ਦੇ ਵੱਡੇ ਹੌਦ ਦੇ ਰਿੰਮ ਹੇਠਾਂ ਬਲਦਾਂ ਦੀਆਂ ਮੂਰਤਾਂ ਘੜੀਆਂ ਗਈਆਂ ਸਨ। ਜਿਨ੍ਹਾਂ ਨੂੰ ਦੋ ਕਤਾਰਾਂ ਵਿੱਚ ਰੱਖਿਆ ਗਿਆ ਸੀ ਅਤੇ ਜਿਨ੍ਹਾਂ ਨੇ ਹੌਦ ਨੂੰ ਘੇਰਿਆ ਹੋਇਆ ਸੀ। ਇਨ੍ਹਾਂ ਬਲਦਾਂ ਨੂੰ ਵੀ ਉਸੇ ਥਾਵੇਂ ਘੜਿਆ ਗਿਆ ਸੀ ਜਦੋਂ ਹੌਦ ਨੂੰ ਅਕਾਰ ਦਿੱਤਾ ਗਿਆ ਸੀ। ਇਹ ਵੱਡਾ ਹੌਦ12 ਬਲਦਾਂ ਜੋ ਕਿ ਅਕਾਰ ਵਿੱਚ ਬੜੇ ਵੱਡੇ ਸਨ, ਉਨ੍ਹਾਂ ਉੱਪਰ ਰੱਖਿਆ ਗਿਆ। ਉੱਨ੍ਹਾਂ ਵਿੱਚੋਂ 3 ਬਲਦਾਂ ਦੇ ਮੂੰਹ ਉੱਤਰ ਦਿਸ਼ਾ ਵੱਲ, ਅਤੇ ਤਿੰਨਾਂ ਦੇ ਮੂੰਹ ਪੱਛਮ ਵੱਲ ਸਨ। ਤਿੰਨ ਬਲਦਾਂ ਦੇ ਮੂੰਹ ਦੱਖਣ ਦਿਸ਼ਾ ਵੱਲ ਤੇ ਬਾਕੀ ਦੇ ਤਿੰਨ ਬਲਦਾਂ ਦੇ ਮੁੱਖ ਪੂਰਬ ਵੱਲ ਨੂੰ ਸਨ। ਤੇ ਇਹ ਵੱਡਾ ਸਾਰਾ ਪਿੱਤਲ ਦਾ ਹੌਦ ਇਨ੍ਹਾਂ ਬਲਦਾਂ ਦੇ ਉੱਪਰ ਟਿਕਿਆ ਹੋਇਆ ਸੀ। ਇਨ੍ਹਾਂ ਸਾਰੇ ਬਲਦਾਂ ਦੇ ਪਿੱਛਲੇ ਅੰਗ ਅਤੇ ਹਿੱਸੇ ਅੰਦਰਲੇ ਪਾਸੇ ਸਨ। ਵੱਡੇ ਹੌਦ ਦੀ ਮੋਟਾਈ ਤਿੰਨ ਇੰਚ ਸੀ ਅਤੇ ਉਸਦਾ ਕੰਢਾ ਪਿਆਲੇ ਦੇ ਕੰਢੇ ਵਰਗਾ ਸੀ, ਜੋ ਕੁਮਦਿਨੀ ਵਰਗਾ ਲੱਗਦਾ ਸੀ। ਇਸ ਵਿੱਚ 17,500 ਗੈਲਨ ਪਾਣੀ ਪਾਇਆ ਜਾ ਸੱਕਦਾ ਸੀ।

ਸੁਲੇਮਾਨ ਨੇ 10 ਹੌਦੀਆਂ ਬਣਵਾਈਆਂ ਜਿਹੜੀਆਂ ਕਿ ਪੰਜ-ਪੰਜ ਵੱਡੇ ਪਿੱਤਲ ਦੇ ਹੌਦ ਦੇ ਖੱਬੇ ਅਤੇ ਸੱਜੇ ਪਾਸੇ ਰੱਖੀਆਂ ਗਈਆਂ। ਇਹ 10 ਹੌਦੀਆਂ ਹੋਮ ਦੀਆਂ ਭੇਟਾਂ ਦੀਆਂ ਵਸਤਾਂ ਨੂੰ ਧੋਣ ਲਈ ਵਰਤੀਆਂ ਜਾਂਦੀਆਂ ਸਨ। ਪਰ ਵੱਡਾ ਪਿੱਤਲ ਦਾ ਤਲਾਅਨੁਮਾ ਹੌਦ ਬਲੀ ਭੇਂਟ ਤੋਂ ਪਹਿਲਾਂ ਅਸ਼ਨਾਨ ਲਈ ਵਰਤਿਆ ਜਾਂਦਾ ਸੀ।

ਸੁਲੇਮਾਨ ਨੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਦਸ ਸ਼ਮਾਦਾਨ ਬਣਵਾਏ ਅਤੇ ਉਸ ਨੇ ਇਨ੍ਹਾਂ ਸ਼ਮਾਦਾਨਾਂ ਨੂੰ ਮੰਦਰ ਵਿੱਚ ਰੱਖਵਾ ਦਿੱਤਾ। ਪੰਜ ਸ਼ਮਾਦਾਨ ਖੱਬੇ ਪਾਸੇ ਅਤੇ ਬਾਕੀ ਦੇ ਪੰਜ ਮੰਦਰ ਦੇ ਸੱਜੇ ਪਾਸੇ ਰੱਖੇ ਗਏ ਸਨ। ਉਸ ਨੇ 10 ਮੇਜ਼ਾਂ ਬਣਵਾ ਕੇ ਵੀ ਮੰਦਰ ਅੰਦਰ ਰੱਖੀਆਂ ਜਿਹੜੀਆਂ ਕਿ ਮੰਦਰ ਦੇ ਸੱਜੇ-ਖੱਬੇ ਪੰਜ-ਪੰਜ ਰੱਖੀਆਂ ਗਈਆਂ ਅਤੇ 100 ਹੌਦੀਆਂ ਬਨਵਾਉਣ ਲਈ ਉਸ ਨੇ ਸੋਨਾ ਵਰਤਿਆ। ਸੁਲੇਮਾਨ ਨੇ ਜਾਜਕਾਂ ਲਈ ਵਲਗਣ ਅਤੇ ਵਿਹੜੇ ਬਣਵਾਏ ਅਤੇ ਉਨ੍ਹਾਂ ਦੇ ਦਰਵਾਜ਼ਿਆਂ ਨੂੰ ਕਾਂਸੇ ਨਾਲ ਢੱਕ ਦਿੱਤਾ। 10 ਫ਼ਿਰ ਉਸ ਨੇ ਵੱਡੇ ਪਿੱਤਲ ਦੇ ਹੌਦ ਨੂੰ ਪੂਰਬ ਵੱਲ ਮੰਦਰ ਦੇ ਸੱਜੇ ਪਾਸੇ ਦੱਖਣ ਵਾਲੇ ਘੁਮਾ ਕੇ ਰੱਖਿਆ।

11 ਹੂਰਾਮ ਨੇ ਭਾਂਡੇ, ਬੇਲਚੇ ਅਤੇ ਹੌਦੀਆਂ ਬਣਾਈਆਂ। ਫ਼ਿਰ ਹੂਰਾਮ ਨੇ ਉਹ ਕੰਮ ਖਤਮ ਕੀਤਾ ਜੋ ਉਹ ਸੁਲੇਮਾਨ ਲਈ ਪਰਮੇਸ਼ੁਰ ਦੇ ਮੰਦਰ ਲਈ ਕਰਦਾ ਸੀ।

12 ਹੂਰਾਮ ਨੇ ਦੋ ਥੰਮ ਅਤੇ ਉਨ੍ਹਾਂ ਥੰਮਾਂ ਦੇ ਉੱਪਰ ਦੋ ਵੱਡੇ ਮੁਕਟਨੁਮਾ ਕਟੋਰੇ ਬਣਾਏ ਸਨ। ਇਹੀ ਨਹੀਂ ਸਗੋਂ ਉਸ ਨੇ ਦੋ ਸਜਾਵਟੀ ਜਾਲੀਆਂ, ਜਿਹੜੀਆਂ ਕਿ ਉਨ੍ਹਾਂ ਥੰਮਾਂ ਦੇ ਮੁਕਟਾਂ ਨੂੰ ਕੱਜਦੀਆਂ ਸਨ, ਵੀ ਬਣਾਈਆਂ। 13 ਹੂਰਾਮ ਨੇ ਉਨ੍ਹਾਂ ਦੋ ਸਜਾਵਟੀ ਜਾਲੀਆਂ ਲਈ ਵੀ 400 ਅਨਾਰ ਬਣਵਾਏ। ਹਰ ਜਾਲੀ ਲਈ ਦੋ ਕਤਾਰਾਂ ਸਨ ਜਿਨ੍ਹਾਂ ਵਿੱਚ ਅਨਾਰ ਜੜੇ ਗਏ ਸਨ ਅਤੇ ਇਹ ਜਾਲੀਆਂ ਖੰਭਿਆਂ ਦੇ ਉਪਰਲੇ ਮੁਕਟਾਂ ਨੂੰ ਕੱਜਦੀਆਂ ਸਨ। 14 ਹੂਰਾਮ ਨੇ ਬੜੇ ਅਤੇ ਉਨ੍ਹਾਂ ਉੱਪਰ ਟਿਕਾਉਣ ਵਾਲੇ ਕਟੋਰੇ ਵੀ ਬਣਾਏ। 15 ਹੂਰਾਮ ਨੇ ਇੱਕ ਵੱਡਾ ਪਿੱਤਲ ਦਾ ਹੌਦ ਵੀ ਬਣਾਇਆ ਅਤੇ ਉਸ ਦੇ ਥੱਲੇ ਟਿਕਾਅ ਲਈ 12 ਬਲਦ ਵੀ ਬਣਾਏ। 16 ਉਸ ਨੇ ਭਾਂਡੇ, ਬੇਲਚੇ, ਚਮਚੇ ਅਤੇ ਹੋਰ ਕਈ ਅਜਿਹੀਆਂ ਵਸਤਾਂ ਸੁਲੇਮਾਨ ਪਾਤਸ਼ਾਹ ਲਈ ਯਹੋਵਾਹ ਦੇ ਮੰਦਰ ਲਈ ਬਣਾਈਆਂ।

ਇਹ ਸਭ ਵਸਤਾਂ ਚਮਕਦੇ ਪਿੱਤਲ ਦੀਆਂ ਬਣਾਈਆਂ ਗਈਆਂ। 17 ਪਹਿਲਾਂ ਸੁਲੇਮਾਨ ਪਾਤਸ਼ਾਹ ਨੇ ਇਨ੍ਹਾਂ ਵਸਤਾਂ ਨੂੰ ਚੀਕਣੀ ਮਿੱਟੀ ਦੇ ਸਾਂਚਿਆਂ ’ਚ ਪਾਇਆ। ਇਹ ਸਾਂਚੇ ਯਰਦਨ ਦੀ ਵਾਦੀ ਵਿੱਚ ਤਿਆਰ ਕੀਤੇ ਗਏ ਜੋ ਕਿ ਸੁਕੋਥ ਅਤੇ ਸਰੇਦਾਥਾਹ ਦੇ ਵਿੱਚਕਾਰ ਕਰਕੇ ਹੈ। 18 ਸੁਲੇਮਾਨ ਪਾਤਸ਼ਾਹ ਨੇ ਇੰਨੀ ਤਾਦਾਤ ਵਿੱਚ ਇਹ ਸਭ ਕੁਝ ਬਣਵਾਇਆ ਕਿ ਕੋਈ ਵੀ ਮਨੁੱਖ ਇਸ ਪਿੱਤਲ ਨੂੰ ਤੋਲ ਨਹੀਂ ਸੀ ਸੱਕਦਾ।

19 ਸੁਲੇਮਾਨ ਨੇ ਪਰਮੇਸ਼ੁਰ ਦੇ ਮੰਦਰ ਲਈ ਵੀ ਬੜਾ ਕੁਝ ਬਣਵਾਇਆ। ਉਸ ਨੇ ਸੋਨੇ ਦੀ ਜਗਵੇਦੀ ਬਣਵਾਈ। ਜਿਨ੍ਹਾਂ ਮੇਜ਼ਾਂ ਉੱਪਰ ਹਜ਼ੂਰੀ ਰੋਟੀ ਹੁੰਦੀ ਸੀ, ਉਹ ਵੀ ਬਣਵਾਈਆਂ। 20 ਉਸ ਨੇ ਸ਼ੁੱਧ ਸੋਨੇ ਦੇ ਸ਼ਮਾਦਾਨ ਅਤੇ ਦੀਵੇ ਵੀ ਬਣਵਾਏ ਤਾਂ ਜੋ ਉਹ ਰੀਤ ਮੁਤਾਬਕ ਪਵਿੱਤਰ ਅਸਥਾਨ ਦੇ ਅੱਗੇ ਬਲਦੇ ਰਹਿਣ। 21 ਸੁਲੇਮਾਨ ਨੇ ਫ਼ੁੱਲ, ਦੀਵੇ ਅਤੇ ਚਿਮਟੇ ਆਦਿ ਬਨਵਾਉਣ ਲਈ ਸ਼ੁੱਧ ਸੋਨਾ ਵਰਤਿਆ। 22 ਉਸ ਨੇ ਗੁਲਤਰਾਸ਼ [a] ਅਤੇ ਪਰਾਤਾਂ, ਕਟੋਰੀਆਂ ਅਤੇ ਧੂਫ਼ਦਾਨ ਸਭ ਸ਼ੁੱਧ ਸੋਨੇ ਦੇ ਬਣਵਾਏ। ਉਸ ਨੇ ਮੰਦਰ ਦੇ ਦਰਵਾਜ਼ਿਆਂ ਉੱਪਰ, ਅੱਤ ਪਵਿੱਤਰ ਸਥਾਨ ਦੇ ਅੰਦਰਲੇ ਦਰਵਾਜਿਆਂ ਉੱਪਰ ਅਤੇ ਮੁੱਖ ਵੰਡੇ ਕਮਰੇ ਦੇ ਦਰਵਾਜਿਆਂ ਉੱਪਰ ਵੀ ਸੌਨਾ ਚੜ੍ਹਾਇਆ।

Footnotes

  1. 2 ਇਤਹਾਸ 4:22 ਗੁਲਤਰਾਸ਼ ਇਸ ਭਾਂਡੇ ਨੂੰ ਮੋਮਬੱਤੀ ਰੱਖਣ ਲਈ ਇਸਤੇਮਾਲ ਕੀਤਾ ਜਾ ਸੱਕਦਾ ਹੈ।