1 ਇਤਹਾਸ 10
Punjabi Bible: Easy-to-Read Version
ਸ਼ਾਊਲ ਪਾਤਸ਼ਾਹ ਦੀ ਮੌਤ
10 ਫ਼ਲਿਸਤੀਆਂ ਨੇ ਇਸਰਾਏਲੀਆਂ ਦੇ ਖਿਲਾਫ਼ ਲੜਾਈ ਕੀਤੀ ਅਤੇ ਫ਼ਿਰ ਇਸਰਾਏਲੀ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ ਅਤੇ ਬਹੁਤ ਸਾਰੇ ਇਸਰਾਏਲੀ ਗਿਲਬੋਆ ਦੇ ਪਹਾੜ ਵਿੱਚ ਮਾਰੇ ਗਏ। 2 ਫ਼ਲਿਸਤੀਨੀ ਲੋਕ ਲਗਾਤਾਰ ਸ਼ਾਊਲ ਪਾਤਸ਼ਾਹ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਕਰਦੇ ਰਹੇ। ਅਖੀਰ ਉਨ੍ਹਾਂ ਉਸ ਨੂੰ ਤੇ ਉਸ ਦੇ ਪੁੱਤਰਾਂ ਨੂੰ ਪਕੜ ਲਿਆ। ਅਤੇ ਮਾਰ ਸੁੱਟਿਆ, ਜਿਨ੍ਹਾਂ ਵਿੱਚ ਯੋਨਾਥਾਨ, ਅਬੀਨਾਦਾਬ ਅਤੇ ਮਲਕੀਸ਼ੂਆ ਸਨ। 3 ਸ਼ਾਊਲ ਦੇ ਚੌਗਿਰਦ ਲੜਾਈ ਭਾਰੀ ਹੋ ਗਈ ਅਤੇ ਤੀਰ ਅੰਦਾਜ਼ਾਂ ਨੇ ਆਪਣੇ ਤੀਰਾਂ ਨਾਲ ਸ਼ਾਊਲ ਨੂੰ ਘਾਇਲ ਕਰ ਦਿੱਤਾ।
4 ਤਦ ਸ਼ਾਊਲ ਨੇ ਆਪਣੇ ਸ਼ਸਤ੍ਰ ਚੁੱਕਣ ਵਾਲੇ ਨੂੰ ਆਖਿਆ, “ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ ਤਾਂ ਕਿ ਜਦੋਂ ਉਹ ਅਸੁੰਨਤੀ ਲੋਕ ਆਉਣ, ਉਹ ਮੈਨੂੰ ਸੱਟ ਨਾ ਮਾਰ ਸੱਕਣ ਤੇ ਮੇਰਾ ਮਜ਼ਾਕ ਨਾ ਉਡਾ ਸੱਕਣ।”
ਪਰ ਸ਼ਾਊਲ ਦਾ ਸ਼ਸਤ੍ਰ ਚੁੱਕਣ ਵਾਲਾ ਡਰ ਗਿਆ ਅਤੇ ਉਸ ਨੇ ਸ਼ਾਊਲ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ। ਤਾਂ ਸ਼ਾਊਲ ਨੇ ਆਪਣੀ ਖੁਦ ਦੀ ਤਲਵਾਰ ਦੀ ਨੁਕਰ ਉੱਤੇ ਡਿੱਗ ਕੇ ਖੁਦ ਨੂੰ ਖਤਮ ਕਰ ਲਿਆ। 5 ਜਦ ਉਸ ਦੇ ਸ਼ਸਤ੍ਰ ਚੁੱਕਣ ਵਾਲੇ ਨੇ ਵੇਖਿਆ ਕਿ ਸ਼ਾਊਲ ਮਰ ਗਿਆ ਸੀ, ਉਸ ਨੇ ਵੀ ਆਪਣੀ ਤਲਵਾਰ ਤੇ ਡਿੱਗ ਕੇ ਖੁਦ ਨੂੰ ਖਤਮ ਕਰ ਲਿਆ। 6 ਇਉਂ ਸ਼ਾਊਲ ਅਤੇ ਉਸ ਦੇ 3 ਪੁੱਤਰ ਅਤੇ ਸਾਰਾ ਘਰਾਣਾ ਇਕੱਠਿਆਂ ਹੀ ਮਰਿਆ।
7 ਵਾਦੀ ਵਿੱਚ ਰਹਿੰਦੇ ਇਸਰਾਏਲੀਆਂ ਨੇ ਵੇਖਿਆ ਕਿ ਉਨ੍ਹਾਂ ਦੀ ਸੈਨਾ ਉੱਥੋਂ ਭੱਜ ਖੜੋਤੀ ਸੀ। ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਨੂੰ ਮਰੇ ਪਏ ਵੇਖਿਆ, ਤਾਂ ਉਹ ਵੀ ਆਪਣੇ ਨਗਰਾਂ ਨੂੰ ਛੱਡ ਕੇ ਨੱਠ ਗਏ। ਫ਼ਲਿਸਤੀ ਉਨ੍ਹਾਂ ਨਗਰਾਂ ਨੂੰ ਆਏ ਅਤੇ ਓੱਥੇ ਰਹਿਣ ਲੱਗ ਪਏ।
8 ਅਗਲੇ ਦਿਨ ਫ਼ਲਿਸਤੀ ਲੋਥਾਂ ਤੋਂ ਕੀਮਤੀ ਵਸਤਾਂ ਲੈਣ ਲਈ ਆਏ ਤਾਂ ਉਨ੍ਹਾਂ ਨੇ ਉੱਥੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਲੋਥਾਂ ਵੇਖੀਆਂ ਜੋ ਕਿ ਗਿਲਬੋਆ ਦੇ ਪਹਾੜ ਵਿੱਚ ਪਈਆਂ ਸਨ। 9 ਫ਼ਲਿਸਤੀਆਂ ਨੇ ਸ਼ਾਊਲ ਦੀ ਲੋਥ ਤੋਂ ਵਸਤਾਂ ਉਤਾਰੀਆਂ ਅਤੇ ਸਾਰੇ ਸ਼ਸਤ੍ਰ-ਵਸਤਰ ਉਤਾਰ ਕੇ ਤੇ ਉਸ ਦਾ ਸਿਰ ਲੈ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਆਸ-ਪਾਸ ਭੇਜ ਦਿੱਤੇ ਤਾਂ ਜੋ ਹਲਕਾਰੇ ਆਪਣੇ ਝੂਠੇ-ਦੇਵਤਿਆਂ ਅਤੇ ਲੋਕਾਂ ਵਿੱਚ ਇਸ ਦੀ ਘੋਸ਼ਣਾ ਕਰਨ। 10 ਫ਼ਲਿਸਤੀਆਂ ਨੇ ਸ਼ਾਊਲ ਦੇ ਸ਼ਸਤ੍ਰਾਂ ਨੂੰ ਆਪਣੇ ਝੂਠੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਅਤੇ ਸ਼ਾਊਲ ਦਾ ਸਿਰ ਦਾਗੋਨ ਦੇ ਮੰਦਰ ਵਿੱਚ ਲਟਕਾ ਦਿੱਤਾ।
11 ਸਾਰੇ ਯਾਬੋਸ਼-ਗਿਲਆਦ ਨਗਰ ਦੇ ਲੋਕਾਂ ਨੇ ਇਉਂ ਇਹ ਸਾਰੀ ਵਾਰਦਾਤ ਸੁਣੀ ਜੋ ਫ਼ਲਿਸਤੀਆਂ ਨੇ ਸ਼ਾਊਲ ਨਾਲ ਕੀਤੀ। 12 ਫ਼ਿਰ ਸਾਰੇ ਵੀਰ ਬਹਾਦੁਰ ਯਾਬੋਸ਼-ਗਿਲਆਦ ਵਿੱਚੋਂ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੇ ਮ੍ਰਿਤਕ ਸ਼ਰੀਰ ਲੈਣ ਲਈ ਨਿਕਲੇ ਅਤੇ ਉਹ ਉਨ੍ਹਾਂ ਦੀਆਂ ਲੋਥਾਂ ਯਾਬੋਸ਼-ਗਿਲਆਦ ਵਿੱਚ ਵਾਪਸ ਲਿਆਏ। ਅਤੇ ਉਨ੍ਹਾਂ ਲੋਕਾਂ ਨੇ ਯਾਬੋਸ਼ ਦੇ ਇੱਕ ਵਿਸ਼ਾਲ ਰੁੱਖ ਹੇਠਾਂ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਹੱਡੀਆਂ ਨੂੰ ਦਫ਼ਨਾਅ ਦਿੱਤਾ। ਇਉਂ 7 ਦਿਨ ਤੀਕ ਵਰਤ ਰੱਖ ਕੇ ਉਨ੍ਹਾਂ ਨੇ ਆਪਣਾ ਸੋਗ ਪ੍ਰਗਟਾਇਆ।
13 ਸ਼ਾਊਲ ਦੀ ਮੌਤ ਇਉਂ ਇਸ ਲਈ ਹੋਈ ਕਿਉਂ ਕਿ ਉਹ ਯਹੋਵਾਹ ਨਾਲ ਵਫ਼ਾਦਾਰ ਨਹੀਂ ਰਿਹਾ ਸੀ। ਉਸ ਨੇ ਯਹੋਵਾਹ ਦੇ ਬਚਨਾਂ ਨੂੰ ਨਹੀਂ ਮੰਨਿਆ। ਇਹੀ ਨਹੀਂ ਸਗੋਂ ਉਸ ਨੇ ਇੱਕ ਭੂਤ-ਮ੍ਰਿਤ ਨਾਲ ਸਲਾਹ ਮਸ਼ਵਰਾ ਕੀਤਾ ਸੀ। 14 ਯਹੋਵਾਹ ਤੋਂ ਪੁੱਛਣ ਦੀ ਬਜਾਇ ਉਸ ਨੇ ਭੂਤਨੀ ਤੋਂ ਸਲਾਹ ਲਈ। ਇਸ ਲਈ ਯਹੋਵਾਹ ਨੇ ਸ਼ਾਊਲ ਨੂੰ ਮਾਰ ਕੇ ਯਿੱਸੀ ਦੇ ਪੁੱਤਰ ਦਾਊਦ ਨੂੰ ਰਾਜ ਦਿੱਤਾ।
2010 by Bible League International