ਹਿਜ਼ਕੀਏਲ 43
Punjabi Bible: Easy-to-Read Version
ਯਹੋਵਾਹ ਆਪਣੇ ਲੋਕਾਂ ਦੇ ਦਰਮਿਆਨ ਰਹੇਗਾ
43 ਆਦਮੀ ਮੈਨੂੰ ਪੂਰਬੀ ਫਾਟਕ ਵੱਲ ਲੈ ਗਿਆ। 2 ਓੱਥੇ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਪੂਰਬ ਵੱਲੋਂ ਆਇਆ। ਪਰਮੇਸ਼ੁਰ ਦੀ ਆਵਾਜ਼ ਸਮੁੰਦਰ ਦੀ ਆਵਾਜ਼ ਵਰਗੀ ਉੱਚੀ ਸੀ। ਪਰਮੇਸ਼ੁਰ ਦੇ ਪਰਤਾਪ ਦੀ ਰੋਸ਼ਨੀ ਨਾਲ ਧਰਤੀ ਚਮਕ ਰਹੀ ਸੀ। 3 ਜੋ ਦਰਸ਼ਨ ਮੈਂ ਦੇਖਿਆ ਉਹ ਉਸੇ ਦਰਸ਼ਨ ਵਰਗਾ ਸੀ ਜਿਹੜਾ ਕਬਾਰ ਨਹਿਰ ਦੇ ਕੰਢੇ ਦੇਖਿਆ ਸੀ। ਮੈਂ ਧਰਤੀ ਉੱਤੇ ਝੁਕ ਕੇ ਸਿਜਦਾ ਕੀਤਾ। 4 ਯਹੋਰਵਾਹ ਦਾ ਪਰਤਾਪ ਪੂਰਬ ਵਾਲੇ ਫਾਟਕ ਰਾਹੀਂ ਮੰਦਰ ਦੇ ਅੰਦਰ ਆਇਆ।
5 ਫ਼ੇਰ ਆਤਮਾ ਨੇ ਮੈਨੂੰ ਚੁੱਕ ਲਿਆ ਅਤੇ ਮੈਨੂੰ ਅੰਦਰਲੇ ਵਿਹੜੇ ਵਿੱਚ ਲੈ ਆਂਦਾ। ਮੰਦਰ ਯਹੋਵਾਹ ਦੇ ਪਰਤਾਪ ਨਾਲ ਭਰਿਆ ਹੋਇਆ ਸੀ। 6 ਮੈਂ ਸੁਣਿਆ ਕਿ ਮੰਦਰ ਵਿੱਚੋਂ ਕੋਈ ਮੈਨੂੰ ਬੁਲਾ ਰਿਹਾ ਸੀ। ਆਦਮੀ ਹਾਲੇ ਵੀ ਮੇਰੇ ਕੋਲ ਖੜ੍ਹਾ ਸੀ। 7 ਮੰਦਰ ਵਿੱਚੋਂ ਆਉਂਦੀ ਆਵਾਜ਼ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਇਹ ਮੇਰੇ ਤਖਤ ਅਤੇ ਪੈਰ ਚੌਂਕੀ ਦੀ ਥਾਂ ਹੈ। ਮੈਂ ਇੱਥੇ ਇਸਰਾਏਲ ਦੇ ਲੋਕਾਂ ਵਿੱਚਕਾਰ ਸਦਾ ਲਈ ਰਹਾਂਗਾ। ਇਸਰਾਏਲ ਦਾ ਪਰਿਵਾਰ ਫ਼ੇਰ ਕਦੇ ਵੀ ਮੇਰੇ ਪਵਿੱਤਰ ਨਾਮ ਨੂੰ ਬਦਨਾਮ ਨਹੀਂ ਕਰੇਗਾ। ਰਾਜੇ ਅਤੇ ਉਨ੍ਹਾਂ ਦੀ ਪਰਜਾ, ਜਿਨਸੀ ਪਾਪਾਂ ਰਾਹੀਂ ਜਾਂ ਆਪਣੇ ਮਰੇ ਹੋਏ ਰਾਜਿਆਂ ਨੂੰ ਇਸ ਥਾਂ ਦਫ਼ਨ ਕਰਕੇ, ਮੇਰੇ ਨਾਮ ਨੂੰ ਸ਼ਰਮਿਂਦਿਆਂ ਨਹੀਂ ਕਰਨਗੇ। 8 ਉਹ ਮੇਰੀ ਸਰਦਲ ਤੋਂ ਅਗਾਂਹ ਆਪਣੀ ਸਰਦਲ ਬਣਾਕੇ ਅਤੇ ਮੇਰੀ ਚੁਗਾਠ ਤੋਂ ਅਗਾਂਹ ਆਪਣੀ ਚੁਗਾਠ ਬਣਾਕੇ ਮੇਰੇ ਨਾਮ ਨੂੰ ਸ਼ਰਮਸਾਰ ਨਹੀਂ ਕਰਨਗੇ। ਅਤੀਤ ਵਿੱਚ, ਉਨ੍ਹਾਂ ਨੂੰ ਮੇਰੇ ਕੋਲੋਂ ਸਿਰਫ਼ ਇੱਕ ਕੰਧ ਹੀ ਵੱਖਰਿਆਂ ਕਰਦੀ ਸੀ। ਇਸ ਲਈ ਹਰ ਵਾਰ, ਜਦੋਂ ਉਹ ਪਾਪ ਕਰਦੇ ਜਾਂ ਉਹ ਭਿਆਨਕ ਗੱਲਾਂ ਕਰਦੇ ਉਨ੍ਹਾਂ ਨੇ ਮੇਰੇ ਨਾਮ ਨੂੰ ਕਲੰਕਤ ਕੀਤਾ। ਇਸੇ ਲਈ ਮੈਂ ਕਹਿਰਵਾਨ ਹੋਇਆ ਅਤੇ ਉਨ੍ਹਾਂ ਨੂੰ ਤਬਾਹ ਕੀਤਾ। 9 ਮੈਂ ਉਨ੍ਹਾਂ ਨੂੰ ਆਪਣੀ ਬਦਕਾਰੀ ਅਤੇ ਉਨ੍ਹਾਂ ਦੇ ਮਰੇ ਹੋਏ ਰਾਜਿਆਂ ਦੀਆਂ ਦੇਹਾਂ ਨੂੰ ਆਪਣੇ ਕੋਲੋਂ ਦੂਰ ਲਿਜਾਣ ਦਿੱਤਾ ਹੈ। ਫ਼ੇਰ ਮੈਂ ਉਨ੍ਹਾਂ ਵਿੱਚਕਾਰ ਸਦਾ ਲਈ ਰਹਾਂਗਾ।
10 “ਹੁਣ, ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਿਵਾਰ ਨੂੰ ਮੰਦਰ ਬਾਰੇ ਦੱਸ। ਫ਼ੇਰ ਜਦੋਂ ਉਹ ਮੰਦਰ ਦੇ ਨਕਸ਼ਿਆਂ ਨੂੰ ਮਾਪਣਾ ਸ਼ੁਰੂ ਕਰਨਗੇ ਤਾਂ ਉਹ ਆਪਣੇ ਪਾਪਾਂ ਤੋਂ ਸ਼ਰਮਸਾਰ ਹੋ ਜਾਣਗੇ। 11 ਫ਼ੇਰ ਜਦੋਂ ਉਹ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਤੋਂ ਸ਼ਰਮਿੰਦੇ ਹੋਣਗੇ ਜੋ ਉਨ੍ਹਾਂ ਨੇ ਕੀਤੀਆਂ ਹਨ। ਉਨ੍ਹਾਂ ਨੂੰ ਮੰਦਰ ਦੇ ਨਕਸ਼ੇ ਦੀ ਜਾਣਕਾਰੀ ਹਾਸਿਲ ਕਰਨ ਦਿਓ। ਉਨ੍ਹਾਂ ਨੂੰ ਜਾਣ ਲੈਣ ਦਿਓ ਕਿ ਇਸਦੀ ਉਸਾਰੀ ਕਿਵੇਂ ਕਰਨੀ ਹੈ, ਇਸਦੇ ਪ੍ਰਵੇਸ਼ ਅਤੇ ਨਿਕਾਸ ਕਿੱਥੋ ਹਨ ਅਤੇ ਇਸ ਉਤਲੀ ਸਾਰੀ ਨਕਾਸ਼ੀ ਬਾਰੇ ਵੀ ਜਾਣ ਲੈਣ ਦਿਓ। ਉਨ੍ਹਾਂ ਨੂੰ ਇਸਦੇ ਸਾਰੇ ਕਨੂੰਨਾਂ ਅਤੇ ਬਿਧੀਆ ਬਾਰੇ ਸਿੱਖਿਆ ਦਿਓ। ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲਿਖ ਲਵੀ ਤਾਂ ਜੋ ਹਰ ਕੋਈ ਦੇਖ ਸੱਕੇ। ਇਸ ਤਰ੍ਹਾਂ ਉਹ ਮੰਦਰ ਦੇ ਸਾਰੇ ਕਨੂੰਨਾਂ ਅਤੇ ਬਿਧੀਆਂ ਦੀ ਪਾਲਨਾ ਕਰ ਸੱਕਦੇ ਹਨ। 12 ਮੰਦਰ ਦਾ ਕਨੂੰਨ ਇਹ ਹੈ: ਇਨ੍ਹਾਂ ਹੱਦਾਂ ਦੇ ਵਿੱਚਕਾਰ ਪਰਬਤ ਦੇ ਉੱਪਰ ਵਾਲਾ ਸਾਰਾ ਖੇਤਰ ਅੱਤ ਪਵਿੱਤਰ ਹੈ। ਮੰਦਰ ਦਾ ਕਨੂੰਨ ਇਹੀ ਹੈ।
ਜਗਵੇਦੀ
13 “ਅਤੇ ਲੰਮੇ ਪੈਮਾਨੇ ਨੂੰ ਇਸਤੇਮਾਲ ਕਰਦਿਆਂ ਜਗਵੇਦੀ ਦਾ ਹੱਥਾਂ ਵਿੱਚ ਨਾਪ ਇਸ ਤਰ੍ਹਾਂ ਹੈ। ਜਗਵੇਦੀ ਦੇ ਆਧਾਰ ਦੇ ਆਲੇ-ਦੁਆਲੇ ਇੱਕ ਗੰਦੀ ਨਾਲੀ ਸੀ। ਇਹ ਇੱਕ ਹੱਥ ਡੂੰਘੀ ਅਤੇ ਦੋਹਾਂ ਪਾਸਿਓ ਇੱਕ ਹੱਥ ਚੌੜੀ ਸੀ ਕਿਨਾਰੇ ਦੇ ਦੁਆਲੇ ਇੱਕ ਕਿਂਗਰੀ ਸੀ ਜਿਹੜੀ ਇੱਕ ਗਿਠ੍ਠ ਉੱਚੀ ਸੀ। ਅਤੇ ਜਗਵੇਦੀ ਇੰਨੀ ਉੱਚੀ ਸੀ: 14 ਧਰਤੀ ਤੋਂ ਲੈ ਕੇ ਹੇਠਲੀ ਨੁਕਰ ਤੀਕ, ਆਧਾਰ ਦਾ ਨਾਪ 2 ਹੱਥ ਹੈ। ਇਹ ਇੱਕ ਹੱਥ ਚੌੜਾ ਸੀ। ਇਸਦਾ ਨਾਪ, ਛੋਟੇ ਕਿਂਗਰੇ ਤੋਂ ਵੱਡੇ ਕਿਂਗਰੇ ਤੀਕ, 4 ਹੱਥ ਹੈ। ਇਹ ਇੱਕ ਹੱਥ ਚੌੜਾ ਸੀ। 15 ਜਗਵੇਦੀ ਉੱਪਰ ਅੱਗ ਲਈ ਸਥਾਨ 4 ਹੱਬ ਉੱਚਾ ਸੀ। ਚਾਰੇ ਕਿਨਾਰੇ ਸਿੰਗਾਂ ਦੀ ਸ਼ਕਲ ਦੇ ਸਨ। 16 ਜਗਵੇਦੀ ਉੱਪਰ ਅੱਗ ਲਈ ਸਥਾਨ 12 ਹੱਬ ਲੰਮਾ ਅਤੇ 12 ਹੱਬ ਚੌੜਾ ਸੀ। ਇਹ ਪੂਰਨ ਚੌਕੋਰ ਸੀ। 17 ਕਿੰਗਰਾ ਵੀ ਚੌਕੋਰ ਸੀ, 14 ਹੱਥ ਲੰਮਾ ਅਤੇ 14 ਹੱਥ ਸਿਰਾ। ਇਸਦੇ ਆਲੇ-ਦੁਆਲੇ ਦਾ ਚੱਕਾ 1/2 ਹੱਥ ਚੌੜੀ ਸੀ। ਆਧਾਰ ਦੇ ਦੁਆਲੇ ਦਾ ਗਟਰ ਇੱਕ ਹੱਥ ਚੌੜਾ ਸੀ। ਜਗਵੇਦੀ ਵੱਲ ਜਾਣ ਵਾਲੀਆਂ ਪੌੜੀਆਂ ਪੂਰਬ ਵਾਲੇ ਪਾਸੇ ਸਨ।”
18 ਫ਼ੇਰ ਆਦਮੀ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ: ‘ਜਗਵੇਦੀ ਲਈ ਨੇਮ ਇਹ ਹਨ: ਜਦੋਂ ਤੁਸੀਂ ਜਗਵੇਦੀ ਬਣਾਓ ਤਾਂ ਹੋਮ ਦੀਆਂ ਭੇਟਾਂ ਚੜ੍ਹਾਉਣ ਲਈ ਅਤੇ ਇਸ ਉੱਤੇ ਖੂਨ ਛਿੜਕਣ ਲਈ ਇਨ੍ਹਾਂ ਵਿਧੀਆਂ ਦੀ ਵਰਤੋਂ ਕਰੋ। 19 ਤੁਸੀਂ ਸਦੋਕ ਦੇ ਪਰਿਵਾਰ ਦੇ ਬੰਦਿਆਂ ਨੂੰ ਇੱਕ ਵਹਿੜਕੇ ਨੂੰ ਪਾਪ ਦੀਆਂ ਭੇਟਾਂ ਵਜੋਂ ਦੇਵੋਂਗੇ। ਇਹ ਬੰਦੇ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਜਾਜਕ ਹਨ। ਇਹ ਓਹੀ ਬੰਦੇ ਹਨ ਜਿਹੜੇ ਮੇਰੇ ਲਈ ਭੇਟਾਂ ਲਿਆਕੇ ਮੇਰੀ ਸੇਵਾ ਕਰਦੇ ਹਨ।’” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ। 20 “ਤੁਸੀਂ ਵਹਿੜਕੇ ਦਾ ਕੁਝ ਖੂਨ ਲੈ ਕੇ ਇਸ ਨੂੰ ਜਗਵੇਦੀ ਦੇ ਚਹੁਂਆਂ ਸਿੰਗਾਂ ਉੱਤੇ, ਕਿਂਗਰੇ ਦੇ ਚਹੁਂਆਂ ਕਿਨਾਰਿਆਂ ਅਤੇ ਆਲੇ-ਦੁਆਲੇ ਦੇ ਰਿਮ ਉੱਤੇ ਛਿੜਕੋਁਗੇ। ਇਸ ਤਰ੍ਹਾਂ ਤੁਸੀਂ ਜਗਵੇਦੀ ਲਈ ਪ੍ਰਾਸ਼ਚਿਤ ਕਰਕੇ ਇਸ ਨੂੰ ਪਾਪ ਦੀ ਭੇਟ ਪ੍ਰਾਪਤ ਕਰਨ ਲਈ ਤਿਆਰ ਕਰ ਦੇਵੋਂਗੇ। 21 ਫ਼ੇਰ ਵਹਿੜਕੇ ਨੂੰ ਪਾਪ ਦੇ ਚੜ੍ਹਾਵੇ ਵਜੋਂ ਲਵੋ ਅਤੇ ਇਸ ਨੂੰ ਮੰਦਰ ਦੀ ਇਮਾਰਤ ਤੋਂ ਬਾਹਰ, ਮੰਦਰ ਦੇ ਖੇਤਰ ਵਿੱਚਲੇ ਖਾਸ ਸਥਾਨ ਉੱਤੇ ਸਾੜੋ।
22 “ਅਗਲੇ ਦਿਨ ਤੁਸੀਂ ਇੱਕ ਨਿਰਦੋਸ਼ ਰਹਿਤ ਬੱਕਰਾ ਭੇਟ ਚੜ੍ਹਾਵੋਂਗੇ। ਇਹ ਪਾਪ ਦੀ ਭੇਟੇ ਵਜੋਂ ਹੋਵੇਗਾ। ਜਾਜਕ ਜਗਵੇਦੀ ਨੂੰ ਓਸੇ ਤਰ੍ਹਾਂ ਤਿਆਰ ਕਰੋਂਗੇ ਜਿਵੇਂ ਉਨ੍ਹਾਂ ਨੇ ਇਸ ਨੂੰ ਵਹਿੜਕੇ ਨਾਲ ਬਣਾਇਆ ਸੀ। 23 ਜਦੋਂ ਤੁਸੀਂ ਜਗਵੇਦੀ ਨੂੰ ਪਵਿੱਤਰ ਕਰ ਚੁੱਕੋਁਗੇ ਤਾਂ ਤੁਸੀਂ ਇੱਕ ਦੋਸ਼ ਰਹਿਤ ਵਹਿੜਕਾ ਅਤੇ ਇੱਜੜ ਵਿੱਚੋਂ ਇੱਕ ਦੋਸ਼ ਰਹਿਤ ਭੇਡੂ ਚੜ੍ਹਾਵੋਂਗੇ। 24 ਫ਼ੇਰ ਤੁਸੀਂ ਇਨ੍ਹਾਂ ਨੂੰ ਯਹੋਵਾਹ ਅੱਗੇ ਪੇਸ਼ ਕਰੋਂਗੇ। ਜਾਜਕ ਇਨ੍ਹਾਂ ਉੱਪਰ ਨਮਕ ਛਿੜਕਣਗੇ। ਫ਼ੇਰ ਜਾਜਕ ਵਹਿੜਕੇ ਅਤੇ ਭੇਡੂ ਨੂੰ ਯਹੋਵਾਹ ਅੱਗੇ ਹੋਮ ਦੀ ਭੇਟ ਵਜੋਂ ਚੜ੍ਹਾਉਣਗੇ। 25 ਤੁਸੀਂ ਸੱਤ ਦਿਨਾਂ ਤੱਕ ਹਰ ਰੋਜ਼ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਤਿਆਰ ਕਰੋਗੇ। ਅਤੇ ਤੁਸੀਂ ਇੱਕ ਵਹਿੜਾ ਅਤੇ ਇੱਜੜ ਵਿੱਚੋਂ ਇੱਕ ਭੇਡੂ ਵੀ ਤਿਆਰ ਕਰੋਂਗੇ। ਇਹ ਸਾਰੇ ਜਾਨਵਰ ਦੋਸ਼-ਰਹਿਤ ਹੋਣੇ ਚਾਹੀਦੇ ਹਨ। 26 ਸੱਤ ਦਿਨ ਜਾਜਕ ਜਗਵੇਦੀ ਲਈ ਪ੍ਰਾਸ਼ਚਿਤ ਕਰਨਗੇ ਅਤੇ ਇਸ ਨੂੰ ਸ਼ੁੱਧ ਕਰਨਗੇ ਅਤੇ ਇਸ ਨੂੰ ਉਪਾਸਨਾ ਲਈ ਇਸਤੇਮਾਲ ਕਰਨ ਲਈ ਤਿਆਰ ਕਰਨਗੇ। 27 ਸੱਤਾਂ ਦਿਨਾਂ ਬਾਦ, ਅੱਠਵੇਂ ਦਿਨ ਜਾਜਕਾਂ ਨੂੰ ਤੁਹਾਡੀਆਂ ਹੋਮਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਜਗਵੇਦੀ ਉੱਤੇ ਅਵੱਸ਼ ਚੜ੍ਹਾਉਣੀਆਂ ਚਾਹੀਦੀਆਂ ਹਨ। ਫ਼ੇਰ ਮੈਂ ਤੁਹਾਨੂੰ ਪ੍ਰਵਾਨ ਕਰ ਲਵਾਂਗਾ।” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।
2010 by Bible League International