ਲੂਕਾ 16
Punjabi Bible: Easy-to-Read Version
ਸੱਚਾ ਧਨ
16 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਇੱਕ ਵਾਰ ਇੱਕ ਬੜਾ ਧਨਵਾਨ ਆਦਮੀ ਸੀ। ਉਸ ਨੇ ਆਪਣਾ ਕਾਰੋਬਾਰ ਸੰਭਾਲਣ ਲਈ ਇੱਕ ਮੁਖਤਿਆਰ ਰੱਖਿਆ। ਬਾਦ ਵਿੱਚ ਉਸ ਨੂੰ ਪਤਾ ਚੱਲਿਆ ਕਿ ਉਸਦਾ ਮੁਖਤਿਆਰ ਉਸ ਨਾਲ ਧੋਖਾ ਕਰ ਰਿਹਾ ਹੈ। 2 ਤਾਂ ਉਸ ਨੇ ਉਸ ਨੂੰ ਅੰਦਰ ਬੁਲਾਇਆ ਅਤੇ ਕਿਹਾ, ‘ਤੇਰੇ ਬਾਰੇ ਮੈਂ ਇਹ ਸਭ ਕੀ ਸੁਣ ਰਿਹਾ ਹਾਂ। ਮੈਨੂੰ ਮੇਰੇ ਸਾਰੇ ਪੈਸੇ ਦਾ ਹਿਸਾਬ ਦੇ। ਤੂੰ ਇਸ ਤੋਂ ਬਾਦ ਮੇਰਾ ਮੁਖਤਿਆਰ ਨਹੀਂ ਹੋ ਸੱਕਦਾ।’
3 “ਬਾਅਦ ਵਿੱਚ ਮੁਖਤਿਆਰ ਨੇ ਆਪਣੇ ਮਨ ਵਿੱਚ ਸੋਚਿਆ, ‘ਹੁਣ ਮੈਂ ਕੀ ਕਰਾਂਗਾ? ਮੇਰਾ ਮਾਲਕ ਤਾਂ ਮੈਨੂੰ ਮੇਰੀ ਨੋਕਰੀ ਤੋਂ ਹਟਾ ਰਿਹਾ ਹੈ। ਮੇਰੇ ਵਿੱਚ ਖੋਦਣ ਦੀ ਤਾਕਤ ਨਹੀਂ ਹੈ ਅਤੇ ਭੀਖ ਮੰਗਣ ਤੋਂ ਮੈਨੂੰ ਸ਼ਰਮ ਆਉਂਦੀ ਹੈ। 4 ਮੈਂ ਜਾਣ ਗਿਆ ਕਿ ਮੈਂ ਕੀ ਕਰਾਂ, ਜਿਸ ਵੇਲੇ ਮੈਂ ਮੁਖਤਿਆਰੀ ਤੋਂ ਹਟਾਇਆ ਜਾਵਾਂਗਾ, ਮੈਂ ਕੁਝ ਅਜਿਹਾ ਕਰਾਂਗਾ ਕਿ ਲੋਕ ਆਪਣੇ ਘਰਾਂ ਵਿੱਚ ਮੇਰਾ ਸਵਾਗਤ ਕਰਨਗੇ।’
5 “ਤਾਂ ਉਸ ਨੇ ਆਪਣੇ ਮਾਲਕ ਦੇ ਕਰਜਾਈਆਂ ਨੂੰ ਇੱਕ-ਇੱਕ ਕਰਕੇ ਆਪਣੇ ਕੋਲ ਸੱਦਿਆ ਅਤੇ ਪਹਿਲੇ ਨੂੰ ਕਿਹਾ, ‘ਤੂੰ ਮੇਰੇ ਮਾਲਕ ਦਾ ਕਿੰਨਾ ਦੇਣਾ ਹੈ।’ 6 ਉਸ ਮਨੁੱਖ ਨੇ ਆਖਿਆ, ‘ਮੈਂ ਉਸ ਦੇ ਜੈਤੂਨ ਦੇ ਤੇਲ ਦੇ ਅੱਠ ਹਜ਼ਾਰ ਪੌਂਡ ਦੇਣੇ ਹਨ।’ ਤਾਂ ਮੁਖਤਿਆਰ ਨੇ ਉਸ ਨੂੰ ਕਿਹਾ, ‘ਆਪਣੀ ਵਹੀ ਲੈ ਅਤੇ ਬੈਠਕੇ ਚਾਰ ਹਜ਼ਾਰ ਪੌਂਡ ਲਿਖ ਦੇ।’
7 “ਤਾਂ ਮੁਖਤਿਆਰ ਨੇ ਦੂਸਰੇ ਆਦਮੀ ਨੂੰ ਸੱਦਿਆ, ‘ਤੂੰ ਮੇਰੇ ਮਾਲਕ ਦੇ ਕਿੰਨੇ ਦੇਣੇ ਹਨ?’ ਉਸ ਮਨੁੱਖ ਨੇ ਜਵਾਬ ਦਿੱਤਾ, ‘ਮੈਂ ਉਸ ਨੂੰ ਕਣਕ ਦੇ ਸੱਠ ਹਜ਼ਾਰ ਪੌਂਡ ਦੇਣਦਾਰ ਹਾਂ’, ਮੁਖਤਿਆਰ ਨੇ ਉਸ ਨੂੰ ਆਖਿਆ, ‘ਆਪਣੀ ਵਹੀ ਲੈ ਅਤੇ ਛੇਤੀ ਬੈਠ ਕੇ ਪੰਜਾਹ ਹਜ਼ਾਰ ਪੌਂਡ ਲਿਖ ਦੇ।’
8 “ਬਾਅਦ ਵਿੱਚ ਮਾਲਕ ਨੇ ਆਪਣੇ ਬੇਈਮਾਨ ਮੁਖਤਿਆਰ ਨੂੰ ਕਿਹਾ ਕਿ ਉਸ ਨੇ ਬੜੀ ਚਲਾਕੀ ਖੇਡੀ ਹੈ। ਹਾਂ! ਦੁਨਿਆਵੀ ਲੋਕ ਆਤਮਕ ਲੋਕਾਂ ਨਾਲੋਂ ਆਪਣੇ ਸਮੇਂ ਦੇ ਦੂਜੇ ਲੋਕਾਂ ਨਾਲ ਵੱਧੇਰੇ ਚਲਾਕੀ ਕਰਦੇ ਹਨ।
9 “ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣੇ ਲਈ ਦੋਸਤ ਪ੍ਰਾਪਤ ਕਰਨ ਵਾਸਤੇ ਤੁਹਾਡੇ ਕੋਲ ਜਿੰਨੀ ਵੀ ਦੁਨਿਆਵੀ ਦੌਲਤ ਹੈ, ਇਸਤੇਮਾਲ ਕਰੋ। ਜਦੋਂ ਦੁਨਿਆਵੀ ਦੌਲਤ ਮੁੱਕ ਜਾਵੇਗੀ ਤਾਂ ਤੁਹਾਡਾ ਸਦੀਵੀ ਘਰਾਂ ਵਿੱਚ ਸੁਆਗਤ ਕੀਤਾ ਜਾਵੇਗਾ। 10 ਜੇਕਰ ਕੋਈ ਮਨੁੱਖ ਛੋਟੀਆਂ ਵਸਤਾਂ ਬਾਰੇ ਭਰੋਸੇਮੰਦ ਹੈ, ਉਸਤੇ ਵੱਡੀਆਂ ਵਸਤਾਂ ਬਾਰੇ ਵੀ ਭਰੋਸਾ ਕੀਤਾ ਜਾ ਸੱਕਦਾ ਹੈ। ਪਰ ਜੇਕਰ ਕੋਈ ਮਨੁੱਖ ਛੋਟੀਆਂ ਚੀਜ਼ਾਂ ਵਿੱਚ ਬੇਇਮਾਨ ਹੋਵੇਗਾ ਤਾਂ ਉਹ ਵੱਡੀਆਂ ਵਸਤਾਂ ਵਿੱਚ ਵੀ ਬੇਈਮਾਨੀ ਕਰ ਸੱਕਦਾ ਹੈ। 11 ਜੇਕਰ ਤੁਸੀਂ ਇਹ ਸਾਬਤ ਨਹੀਂ ਕਰ ਸੱਕਦੇ ਕਿ ਤੁਸੀਂ ਦੁਨਿਆਵੀ ਦੌਲਤ ਨਾਲ ਵਿਸ਼ਵਾਸਯੋਗ ਹੋ, ਤਾਂ ਫ਼ਿਰ ਤੁਹਾਨੂੰ ਸੱਚੀ ਦੌਲਤ ਕੌਣ ਸੌਂਪੇਗਾ? 12 ਜੇਕਰ ਤੁਸੀਂ ਇਹ ਸਾਬਤ ਨਹੀਂ ਕਰਦੇ ਕਿ ਤੁਸੀਂ ਦੂਜਿਆਂ ਦੀ ਮਲਕੀਅਤ ਨਾਲ ਵਫਾਦਾਰ ਨਹੀਂ ਹੋ ਤਾਂ ਫ਼ਿਰ ਤੁਹਾਨੂੰ ਆਪਣੇ ਲਈ ਕੌਣ ਮਲਕੀਅਤ ਦੇਵੇਗਾ?
13 “ਕੋਈ ਵੀ ਸੇਵਕ ਇੱਕੋ ਵੇਲੇ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ। ਉਹ ਇੱਕ ਨੂੰ ਪਿਆਰ ਕਰੇਗਾ ਅਤੇ ਦੂਜੇ ਨੂੰ ਨਫ਼ਰਤ ਜਾਂ ਇੱਕ ਨਾਲ ਵਫਾਦਾਰ ਹੋਵੇਗਾ ਅਤੇ ਦੂਜੇ ਨਾਲ ਅਣਗਹਿਲੀ ਕਰੇਗਾ। ਤੁਸੀਂ ਪਰਮੇਸ਼ੁਰ ਅਤੇ ਪੈਸੇ ਦੀ ਇੱਕੋ ਵੇਲੇ ਸੇਵਾ ਨਹੀਂ ਕਰ ਸੱਕਦੇ।”
ਪਰਮੇਸ਼ੁਰ ਦਾ ਨੇਮ ਨਹੀਂ ਬਦਲਿਆ ਜਾ ਸੱਕਦਾ(A)
14 ਜਦੋਂ ਪੈਸੇ ਨੂੰ ਪਿਆਰ ਕਰਨ ਵਾਲੇ ਫਰੀਸੀਆਂ ਨੇ ਇਹ ਸੁਣਿਆ ਤਾਂ ਉਨ੍ਹਾਂ ਨੇ ਯਿਸੂ ਦਾ ਮਜਾਕ ਉਡਾਇਆ। 15 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਲੋਕਾਂ ਸਾਹਮਣੇ ਆਪਣੇ-ਆਪ ਨੂੰ ਬੜਾ ਚੰਗਾ ਕਰਕੇ ਵਿਖਾਉਂਦੇ ਹੋ, ਪਰ ਪਰਮੇਸ਼ੁਰ ਤੁਹਾਡੇ ਦਿਲਾਂ ਦੀਆਂ ਜਾਣਦਾ ਹੈ। ਜਿਸ ਕਾਸੇ ਨੂੰ ਵੀ ਲੋਕ ਮੁੱਲਵਾਨ ਸਮਝਦੇ ਹਨ, ਪਰਮੇਸ਼ੁਰ ਲਈ ਉਸਦੀ ਕੋਈ ਕੀਮਤ ਨਹੀਂ।”
16 “ਪਰਮੇਸ਼ੁਰ ਜਾਣਦਾ ਹੈ ਕਿ ਲੋਕ ਮੂਸਾ ਦੀ ਸ਼ਰ੍ਹਾ ਅਤੇ ਨਬੀਆਂ ਦੀਆਂ ਲਿਖਤਾਂ ਦੀ ਯੂਹੰਨਾ ਦੇ ਸਮੇਂ ਤੱਕ ਮੁਨਾਦੀ ਹੋ ਚੁੱਕੀ ਸੀ। ਉਸਤੋਂ ਬਾਦ ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਪਰਮੇਸ਼ੁਰ ਦੇ ਰਾਜ ਵਿੱਚ ਆਉਣ ਲਈ ਜੋਰ-ਜਬਰਦਸਤੀ ਕਰ ਰਹੇ ਹਨ। 17 ਸ਼ਰ੍ਹਾ ਦੇ ਇੱਕ ਅੱਖਰ ਦੇ ਇੱਕ ਹਿੱਸੇ ਦੇ ਬਦਲਣ ਨਾਲੋਂ ਅਕਾਸ਼ ਅਤੇ ਧਰਤੀ ਦਾ ਮਿਟ ਜਾਣਾ ਸੌਖਾ ਹੈ।
ਤਲਾਕ ਅਤੇ ਦੂਜਾ ਵਿਆਹ
18 “ਕੋਈ ਵੀ ਜੋ ਆਪਣੀ ਔਰਤ ਨੂੰ ਤਲਾਕ ਦਿੰਦਾ ਹੈ ਅਤੇ ਦੂਜੀ ਔਰਤ ਨਾਲ ਵਿਆਹ ਕਰਦਾ ਹੈ ਉਹ ਇੱਕ ਬਦਕਾਰ ਹੈ। ਇਸੇ ਤਰ੍ਹਾਂ ਹੀ ਉਹ ਆਦਮੀ ਜੋ ਤਲਾਕ ਦਿੱਤੀ ਹੋਈ ਔਰਤ ਨਾਲ ਵਿਆਹ ਕਰਦਾ ਹੈ ਉਹ ਵੀ ਇੱਕ ਬਦਕਾਰ ਹੈ।”
ਅਮੀਰ ਆਦਮੀ ਅਤੇ ਲਾਜ਼ਰ
19 ਯਿਸੂ ਨੇ ਆਖਿਆ, “ਇੱਕ ਅਮੀਰ ਆਦਮੀ ਸੀ। ਉਹ ਮਹੀਨ ਕੀਮਤੀ ਵਸਤਰ ਪਹਿਨਦਾ ਅਤੇ ਹਰ ਰੋਜ਼ ਐਸ਼ ਪ੍ਰਸਤੀ ਦੀ ਜਿੰਦਗੀ ਜਿਉਂਦਾ ਸੀ। 20 ਉੱਥੇ ਇੱਕ ਲਾਜ਼ਰ ਨਾਂ ਦਾ ਮੰਗਤਾ ਸੀ ਜਿਸਦਾ ਸਾਰਾ ਸਰੀਰ ਫ਼ੋੜਿਆਂ ਨਾਲ ਭਰਿਆ ਹੋਇਆ ਸੀ। ਉਹ ਅਕਸਰ ਅਮੀਰ ਆਦਮੀ ਦੇ ਦਰ ਅੱਗੇ ਪਿਆ ਹੁੰਦਾ ਸੀ। 21 ਉਸ ਨੂੰ ਅਮੀਰ ਆਦਮੀ ਦੀ ਮੇਜ਼ ਤੋਂ ਬਚੇ ਹੋਏ ਭੋਜਨ ਲਈ ਵੀ ਤੀਬ੍ਰ ਇੱਛਾ ਰਹਿੰਦੀ ਸੀ। ਸਗੋਂ ਕੁੱਤੇ ਆਕੇ ਉਸ ਦੇ ਫ਼ੋੜਿਆਂ ਨੂੰ ਵੀ ਚੱਟਦੇ।
22 “ਫ਼ੇਰ ਗਰੀਬ ਲਾਜ਼ਰ ਮਰ ਗਿਆ ਦੂਤਾਂ ਨੇ ਉਸ ਨੂੰ ਲਿਆ ਅਤੇ ਅਬਰਾਹਾਮ ਗੋਦ ਵਿੱਚ ਜਾ ਰੱਖਿਆ, ਫ਼ੇਰ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਦਫ਼ਨਾਇਆ ਗਿਆ। 23 ਉਸ ਨੇ ਪਤਾਲ ਵਿੱਚੋਂ ਜਿੱਥੇ ਉਹ ਦੁੱਖ ਝੱਲ ਰਿਹਾ ਸੀ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰੋਂ ਲਾਜ਼ਰ ਨੂੰ ਅਬਰਾਹਾਮ ਦੀ ਗੋਦ ਵਿੱਚ ਵੇਖਿਆ। 24 ਤਾਂ ਉਸ ਨੇ ਅਵਾਜ਼ ਮਾਰਕੇ ਕਿਹਾ, ‘ਪਿਤਾ ਅਬਰਾਹਾਮ! ਮੇਰੇ ਤੇ ਮਿਹਰ ਕਰ। ਲਾਜ਼ਰ ਨੂੰ ਪਾਣੀ ਵਿੱਚ ਆਪਣੀ ਉਂਗਲ ਭਿਉਂ ਕੇ ਮੇਰੀ ਜੀਭ ਗਿੱਲੀ ਕਰਨ ਲਈ ਭੇਜ, ਕਿਉਂਕਿ ਮੈਂ ਇਸ ਅੱਗ ਵਿੱਚ ਦੁੱਖ ਝੱਲ ਰਿਹਾ ਹਾਂ।’
25 “ਪਰ ਅਬਰਾਹਾਮ ਨੇ ਆਖਿਆ, ‘ਮੇਰੇ ਪੁੱਤਰ, ਯਾਦ ਕਰ ਜੋ ਤੂੰ ਧਰਤੀ ਤੇ ਆਪਣੇ ਜਿਉਂਦੇ ਜੀ ਆਪਣੀਆਂ ਸਾਰੀਆਂ ਵਸਤਾਂ ਭੋਗ ਚੁੱਕਾ ਹੈਂ ਅਤੇ ਲਾਜ਼ਰ ਨੇ ਸਾਰੀਆਂ ਮਾੜੀਆਂ ਵਸਤਾਂ ਭੋਗੀਆਂ ਹਨ। ਇਸ ਲਈ ਉਹ ਹੁਣ ਸੁੱਖ ਭੋਗ ਰਿਹਾ ਹੈ ਤੇ ਤੂੰ ਦੁੱਖ। 26 ਇਸਤੋਂ ਇਲਾਵਾ ਤੁਹਾਡੇ ਤੇ ਸਾਡੇ ਵਿੱਚਕਾਰ ਇੱਕ ਗਹਿਰੀ ਖੱਡ ਹੈ, ਇਸ ਲਈ ਅਗਰ ਕੋਈ ਵੀ, ਜੋ ਤੇਰੀ ਮਦਦ ਕਰਨੀ ਚਾਹੁੰਦਾ ਹੈ, ਤਾਂ ਉਹ ਉਧਰ ਨਹੀਂ ਜਾ ਸੱਕਦਾ ਅਤੇ ਨਾ ਹੀ ਕੋਈ ਉਧਰੋਂ ਇਧਰ ਆ ਸੱਕਦਾ ਹੈ।’
27 “ਤਾਂ ਅਮੀਰ ਆਦਮੀ ਨੇ ਕਿਹਾ ‘ਫ਼ੇਰ ਪਿਤਾ ਅਬਰਾਹਾਮ ਮੈਂ ਤੇਰੇ ਅੱਗੇ ਲਾਜ਼ਰ ਨੂੰ ਧਰਤੀ ਤੇ ਮੇਰੇ ਪਿਤਾ ਦੇ ਘਰ ਭੇਜਣ ਦੀ ਬੇਨਤੀ ਕਰਦਾ ਹਾਂ, ਕਿਉਂਕਿ ਮੇਰੇ ਪੰਜ ਭਰਾ ਹਨ। 28 ਲਾਜ਼ਰ ਜਾਕੇ ਮੇਰੇ ਭਰਾਵਾਂ ਨੂੰ ਚੁਕੰਨਾ ਕਰ ਆਵੇ ਕਿ ਉਹ ਇਸ ਪਤਾਲ ਦੇ ਨਰਕ ਕੁੰਡ ਵਿੱਚ ਨਾ ਆਉਣ।’
29 “ਪਰ ਅਬਰਾਹਾਮ ਨੇ ਆਖਿਆ, ‘ਉਨ੍ਹਾਂ ਕੋਲ ਮੂਸਾ ਦੇ ਨੇਮ ਅਤੇ ਨਬੀਆਂ ਦੀਆਂ ਲਿਖਤਾਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਉਪਦੇਸ਼ ਦਾ ਅਨੁਸਰਣ ਕਰਨ ਦੇ।’
30 “ਪਰ ਉਸ ਧਨਵਾਨ ਨੇ ਕਿਹਾ, ‘ਨਹੀਂ ਪਿਤਾ ਅਬਰਾਹਾਮ! ਜੇਕਰ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਕੋਲ ਜਾਵੇ ਤਾਂ ਉਹ ਵਿਸ਼ਵਾਸ ਕਰਨਗੇ ਅਤੇ ਆਪਣੇ ਦਿਲ ਅਤੇ ਜੀਵਨ ਬਦਲ ਲੈਣਗੇ।’
31 “ਪਰ ਅਬਰਾਹਾਮ ਨੇ ਉਸ ਨੂੰ ਆਖਿਆ, ‘ਜੇਕਰ ਉਹ ਮੂਸਾ ਅਤੇ ਨਬੀਆਂ ਨੂੰ ਨਹੀਂ ਸੁਣਨਗੇ, ਤਾਂ ਫ਼ੇਰ ਉਹ ਉਸ ਨੂੰ ਵੀ ਨਹੀਂ ਸੁਣਨਗੇ ਜੋ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੋਵੇ।’”
2010 by Bible League International