ਰਸੂਲਾਂ ਦੇ ਕਰਤੱਬ 13
Punjabi Bible: Easy-to-Read Version
ਬਰਨਬਾਸ ਅਤੇ ਸੌਲੁਸ ਨੂੰ ਵਿਸ਼ੇਸ਼ ਕੰਮ ਦਾ ਸੌਂਪਣਾ
13 ਅੰਤਾਕਿਯਾ ਦੇ ਗਿਰਜੇ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ। ਉਹ ਸਨ; ਬਰਨਬਾਸ, ਸ਼ਿਮਓਨ, ਜੋ ਨੀਗਰ ਵੀ ਕਹਾਉਂਦਾ ਸੀ, ਕੂਰੈਨੇ ਦੇ ਸ਼ਹਿਰ ਤੋਂ ਲੂਕਿਯੁਸ, ਮਨਏਨ ਜੋ ਕਿ ਹੇਰੋਦੇਸ ਨਾਲ ਪਲਿਆ ਸੀ, ਅਤੇ ਸੌਲੁਸ। 2 ਇਹ ਸਾਰੇ ਪ੍ਰਭੂ ਦੀ ਉਸਤਤਿ ਕਰਦੇ ਅਤੇ ਵਰਤ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਲਈ ਅਲੱਗ ਕਰੋ, ਜਿਸ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ।”
3 ਤਦ ਉਨ੍ਹਾਂ ਨੇ ਵਰਤ ਰੱਖੇ ਅਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਆਪਣੇ ਹੱਥ ਉਨ੍ਹਾਂ ਦੇ ਸਿਰ ਤੇ ਰੱਖੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਰਸਤੇ ਭੇਜ ਦਿੱਤਾ।
ਬਰਨਬਾਸ ਅਤੇ ਸੌਲੁਸ ਕੁਪਰੁਸ ਵਿੱਚ
4 ਦੋਨੋਂ ਜਣੇ ਪਵਿੱਤਰ ਆਤਮਾ ਦੁਆਰਾ ਸਿਲੂਕਿਯਾ ਨੂੰ ਭੇਜੇ ਗਏ ਸਨ। ਅਤੇ ਉੱਥੋਂ ਜਹਾਜ ਰਾਹੀਂ ਕੁਪਰੁਸ ਦੇ ਦੀਪ ਨੂੰ ਗਏ। 5 ਜਦੋਂ ਬਰਨਬਾਸ ਅਤੇ ਸੌਲੁਸ ਸਲਮੀਸ ਦੇ ਸ਼ਹਿਰ ਪਹੁੰਚੇ ਉਨ੍ਹਾਂ ਨੇ ਯਹੂਦੀਆਂ ਦੇ ਪ੍ਰਾਰਥਨਾ ਅਸਥਾਨ ਵਿੱਚ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕੀਤਾ। ਯੂਹੰਨਾ ਮਰਕੁਸ ਉਸ ਵਕਤ ਮਦਦ ਲਈ ਉਨ੍ਹਾਂ ਦੇ ਨਾਲ ਸੀ। 6 ਉਹ ਸਾਰੇ ਟਾਪੂ ਵਿੱਚ ਫ਼ਿਰਦੇ-ਫ਼ਿਰਦੇ ਪਾਫ਼ੁਸ ਪਹੁੰਚੇ। ਪਾਫ਼ੁਸ ਦੇ ਸ਼ਹਿਰ ਵਿੱਚ, ਉਹ ਇੱਕ ਯਹੂਦੀ ਆਦਮੀ ਨੂੰ ਮਿਲੇ ਜੋ ਜਾਦੂ ਕਰਦਾ ਸੀ। ਉਸਦਾ ਨਾਂ ਸੀ ਬਰਯੇਸੂਸ। ਉਹ ਝੂਠਾ ਨਬੀ ਸੀ। 7 ਬਰਯੇਸੂਸ ਹਮੇਸ਼ਾ ਸਰਗੀਊਸ ਪੌਲੁਸ ਜੋ ਕਿ ਗਵਰਨਰ ਸੀ ਉਸ ਦੇ ਨੇੜੇ ਰਹਿੰਦਾ ਸੀ। ਸਰਗੀਊਸ ਪੌਲੁਸ ਸਿਆਣਾ ਮਨੁੱਖ ਸੀ। ਉਸ ਨੇ ਬਰਨਬਾਸ ਅਤੇ ਸੌਲੁਸ ਨੂੰ ਵੀ ਆਪਣੇ ਘਰ ਸੱਦਾ ਦਿੱਤਾ ਕਿਉਂਕਿ ਉਹ ਪਰਮੇਸ਼ੁਰ ਦਾ ਸੰਦੇਸ਼ ਸੁਣਨਾ ਚਾਹੁੰਦਾ ਸੀ। 8 ਪਰ ਇਲਮਾਸ ਜਾਦੂਗਰ (ਇਲਮਾਸ ਬਰਯੇਸੂਮ ਦਾ ਯੂਨਾਨੀ ਨਾਮ ਹੈ) ਉਨ੍ਹਾਂ ਦੇ ਵਿਰੋਧ ਵਿੱਚ ਸੀ। ਇਲਮਾਸ ਨੇ ਰਾਜਪਾਲ ਨੂੰ ਯਿਸੂ ਤੇ ਵਿਸ਼ਵਾਸ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। 9 ਪਰ ਸੌਲੁਸ ਪਵਿੱਤਰ ਆਤਮਾ ਨਾਲ ਭਰਪੂਰ ਸੀ (ਸੌਲੁਸ ਨੂੰ ਪੌਲੁਸ ਵੀ ਆਖਿਆ ਜਾਂਦਾ ਹੈ) ਪੌਲੁਸ ਨੇ ਇਲਮਾਸ ਵੱਲ ਵੇਖਿਆ, 10 ਅਤੇ ਕਿਹਾ, “ਤੂੰ, ਹੇ ਸ਼ੈਤਾਨ ਦੀ ਔਲਾਦ ਇਲਮਾਸ, ਹਰ ਠੀਕ ਵਸਤ ਦਾ ਦੁਸ਼ਮਨ ਹੈ। ਤੂੰ ਬੁਰਿਆਈ ਅਤੇ ਝੂਠਾਂ ਨਾਲ ਭਰਪੂਰ ਹੈਂ। ਤੂੰ ਹਮੇਸ਼ਾ ਪ੍ਰਭੂ ਦੇ ਸੱਚ ਨੂੰ ਝੂਠ ਵਿੱਚ ਬਦਲ ਕੇ ਦੱਸਿਆ ਹੈ। 11 ਹੁਣ ਪ੍ਰਭੂ ਤੈਨੂੰ ਛੁਹੇਗਾ ਅਤੇ ਤੈਨੂੰ ਅੰਨ੍ਹਾ ਕਰ ਦੇਵੇਗਾ। ਕੁਝ ਦੇਰ ਲਈ ਤੂੰ ਕੁਝ ਵੀ ਦੇਖ ਨਹੀਂ ਸੱਕੇਂਗਾ, ਇੱਥੋਂ ਤੱਕ ਕਿ ਸੂਰਜ ਦੀ ਰੌਸ਼ਨੀ ਵੀ ਤੈਨੂੰ ਨਹੀਂ ਦਿਸੇਗੀ।”
ਫ਼ਿਰ ਇਲਮਾਸ ਲਈ ਸਭ ਕੁਝ ਹਨੇਰਾ ਹੋ ਗਿਆ ਅਤੇ ਉਹ ਆਸੇ-ਪਾਸੇ ਕਿਸੇ ਨੂੰ ਲੱਭਣ ਲੱਗਾ ਜੋ ਉਸ ਦਾ ਹੱਥ ਫ਼ੜਕੇ ਉਸਦੀ ਅਗਵਾਈ ਕਰੇ। 12 ਜਦੋਂ ਰਾਜਪਾਲ ਨੇ ਇਹ ਘਟਨਾ ਵੇਖੀ, ਉਹ ਪ੍ਰਭੂ ਦੇ ਉਪਦੇਸ਼ ਤੇ ਹੈਰਾਨ ਸੀ ਅਤੇ ਵਿਸ਼ਵਾਸ ਕੀਤਾ।
ਪੌਲੁਸ ਅਤੇ ਬਰਨਬਾਸ ਨੇ ਕੁਪਰੁਸ ਛੱਡਿਆ
13 ਪੌਲੁਸ ਅਤੇ ਉਸ ਨਾਲ ਜਿਹੜੇ ਹੋਰ ਲੋਕ ਸਨ ਪਾਫ਼ੁਸ ਤੋਂ ਜਹਾਜ਼ ਵਿੱਚ ਚੜ੍ਹ੍ਹਕੇ ਪਮਫ਼ੁਲਿਯਾ ਸ਼ਹਿਰ ਦੇ ਪਰਗਾ ਇਲਾਕੇ ਵਿੱਚ ਆਏ ਅਤੇ ਯੂਹੰਨਾ ਉਨ੍ਹਾਂ ਤੋਂ ਵਖ ਹੋਕੇ ਯਰੂਸ਼ਲਮ ਨੂੰ ਮੁੜ ਗਿਆ। 14 ਪਰ ਉਨ੍ਹਾਂ ਨੇ ਪਰਗਾ ਤੋਂ ਆਪਣਾ ਸਫ਼ਰ ਜਾਰੀ ਰੱਖਿਆ ਅਤੇ ਪਿਸਿਦਿਯਾ ਦੇ ਨੇੜੇ ਅੰਤਾਕਿਯਾ ਨੂੰ ਗਏ।
ਅੰਤਾਕਿਯਾ ਵਿੱਚ ਸਬਤ ਦੇ ਦਿਨ ਉਹ ਯਹੂਦੀਆਂ ਦੇ ਪ੍ਰਾਰਥਨਾ ਸਥਾਨ ਤੇ ਗਏ ਅਤੇ ਉੱਥੇ ਜਾਕੇ ਬੈਠ ਗਏ। 15 ਤੁਰੇਤ ਦੇ ਨਿਯਮ ਅਤੇ ਨਬੀਆਂ ਦੀਆਂ ਲਿਖਤਾਂ ਉੱਥੇ ਪੜ੍ਹੀਆਂ ਗਈਆਂ। ਉਸਤੋਂ ਬਾਅਦ ਪ੍ਰਾਰਥਨਾ ਸਥਾਨ ਦੇ ਆਗੂਆਂ ਨੇ ਪੌਲੁਸ ਅਤੇ ਬਰਨਬਾਸ ਨੂੰ ਸੁਨੇਹਾ ਭੇਜਿਆ, “ਹੇ ਭਰਾਵੋ, ਜੇ ਤੁਹਾਡੇ ਕੋਲ ਇਨ੍ਹਾਂ ਲੋਕਾਂ ਲਈ ਕੋਈ ਉਤਸਾਹ ਦੇ ਬਚਨ ਹਨ ਤਾਂ ਕਿਰਪਾ ਕਰਕੇ ਬੋਲੋ।”
16 ਤਦ ਪੌਲੁਸ ਉੱਠ ਖੜ੍ਹਾ ਹੋਇਆ, ਉਸ ਨੇ ਆਪਣਾ ਹੱਥ ਉੱਪਰ ਚੁੱਕਿਆ ਅਤੇ ਆਖਿਆ, “ਮੇਰੇ ਯਹੂਦੀ ਭਰਾਵੋ ਅਤੇ ਹੋਰ ਦੂਜੇ ਲੋਕੋ, ਜੋ ਪਰਮੇਸ਼ੁਰ ਦੀ ਉਪਾਸਨਾ ਕਰਦੇ ਹੋ, ਕਿਰਪਾ ਕਰਕੇ ਸੁਣੋ। 17 ਇਸਰਾਏਲੀਆਂ ਦੇ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਨੂੰ ਚੁਣਿਆ ਹੈ ਅਤੇ ਉਨ੍ਹਾਂ ਨੂੰ ਵੱਧਣ ਵਿੱਚ ਉਦੋਂ ਮਦਦ ਕੀਤੀ ਜਦੋਂ ਉਹ ਮਿਸਰ ਵਿੱਚ ਅਜਨਬੀਆਂ ਵਾਂਗ ਸਨ। ਉਹ ਉਨ੍ਹਾਂ ਨੂੰ ਮਹਾਨ ਸ਼ਕਤੀ ਨਾਲ ਬਾਹਰ ਲਿਆਇਆ। 18 ਤੇ ਉਜਾੜ ਦੇ ਚਾਲ੍ਹੀ ਵਰ੍ਹੇ ਪਰਮੇਸ਼ੁਰ ਨੇ ਉਨ੍ਹਾਂ ਨਾਲ ਬੜਾ ਧੀਰਜ ਵਰਤਿਆ। 19 ਪਰਮੇਸ਼ੁਰ ਨੇ ਕਨਾਨ ਦੀ ਜ਼ਮੀਨ ਵਿੱਚ ਸੱਤ ਕੌਮਾਂ ਨੂੰ ਨਸ਼ਟ ਕੀਤਾ। ਉਸ ਨੇ ਉਨ੍ਹਾਂ ਦੀ ਧਰਤੀ ਆਪਣੇ ਲੋਕਾਂ ਨੂੰ ਦਿੱਤੀ 20 ਇਹ ਸਭ ਲਗਭੱਗ ਚਾਰ ਸੌ ਪੰਜਾਹ ਵਰ੍ਹਿਆਂ ਵਿੱਚ ਵਾਪਰਿਆ।
“ਇਸਤੋਂ ਬਾਅਦ ਉਸ ਨੇ ਸਮੂਏਲ ਨਬੀ ਤੀਕ ਉਨ੍ਹਾਂ ਨੂੰ ਨਿਆਂਈ ਦਿੱਤੇ। 21 ਇਸਤੋਂ ਮਗਰੋਂ ਲੋਕਾਂ ਨੇ ਬਾਦਸ਼ਾਹ ਮੰਗਿਆ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕੀਸ਼ ਦਾ ਪੁੱਤਰ ਸ਼ਾਊਲ ਦਿੱਤਾ। ਸ਼ਾਊਲ ਬਿਨਯਾਮੀਨ ਦੇ ਵੰਸ਼ ਵਿੱਚੋਂ ਸੀ ਅਤੇ ਚਾਲ੍ਹੀ ਸਾਲਾਂ ਤੱਕ ਰਾਜਾ ਸੀ। 22 ਪਰਮੇਸ਼ੁਰ ਨੇ ਸ਼ਾਊਲ ਤੋਂ ਬਾਅਦ ਦਾਊਦ ਨੂੰ ਉਨ੍ਹਾਂ ਦਾ ਬਾਦਸ਼ਾਹ ਬਣਾਇਆ। ਪਰਮੇਸ਼ੁਰ ਨੇ ਦਾਊਦ ਬਾਰੇ ਇਉਂ ਕਿਹਾ, ‘ਯੱਸੀ ਦਾ ਪੁੱਤਰ, ਦਾਊਦ ਮੈਂ ਉਸ ਨੂੰ ਆਪਣੇ ਦਿਲ ਦੀਆਂ ਇੱਛਾਵਾਂ ਅਨੁਸਾਰ ਪਾਇਆ। ਉਹ ਉਹੀ ਕਰੇਗਾ ਜੋ ਮੈਂ ਉਸਤੋਂ ਕਰਾਉਣਾ ਚਾਹੁੰਦਾ ਹਾਂ।’
23 “ਪਰਮੇਸ਼ੁਰ ਆਪਣੇ ਵਾਅਦੇ ਅਨੁਸਾਰ ਇਸਰਾਏਲ ਨੂੰ ਇੱਕ ਮੁਕਤੀਦਾਤਾ ਲਿਆਇਆ ਹੈ। ਯਿਸੂ ਉਹੀ ਔਲਾਦ ਹੈ। 24 ਯਿਸੂ ਦੇ ਆਉਣ ਤੋਂ ਪਹਿਲਾਂ ਯੂਹੰਨਾ ਨੇ ਸਾਰੇ ਯਹੂਦੀ ਲੋਕਾਂ ਵਿੱਚ ਪਰਚਾਰ ਕੀਤਾ। ਉਸ ਨੇ ਲੋਕਾਂ ਨੂੰ ਤੌਬਾ ਕਰਕੇ ਬਪਤਿਸਮਾ ਲੈਣ ਦਾ ਪਰਚਾਰ ਕੀਤਾ। 25 ਜਦੋਂ ਯੂਹੰਨਾ ਆਪਣਾ ਕੰਮ ਖਤਮ ਕਰ ਰਿਹਾ ਸੀ ਤਾਂ ਉਸ ਨੇ ਕਿਹਾ, ‘ਤੁਸੀਂ ਮੈਨੂੰ ਕੀ ਸਮਝਦੇ ਹੋਂ? ਮੈਂ ਮਸੀਹ ਨਹੀਂ ਹਾਂ। ਵੇਖੋ, ਉਹ ਮੈਥੋਂ ਬਾਅਦ ਆਵੇਗਾ। ਮੈਂ ਉਸ ਦੇ ਪੈਰ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।’
26 “ਮੇਰੇ ਭਰਾਵੋ। ਅਬਰਾਹਾਮ ਦੀ ਅੰਸ਼ ਦੇ ਪੁੱਤਰੋ ਅਤੇ ਗੈਰ ਕੌਮਾਂ ਦੇ ਲੋਕੋ, ਤੁਹਾਡੇ ਵਿੱਚੋਂ, ਜਿਹੜੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਹੋ, ਸੁਣੋ। ਮੁਕਤੀ ਦਾ ਇਹ ਸੰਦੇਸ਼ ਸਾਨੂੰ ਭੇਜਿਆ ਗਿਆ ਹੈ। 27 ਕਿਉਂਕਿ ਯਰੂਸ਼ਲਮ ਦੇ ਰਹਿਣ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਆਗੂਆਂ ਨੇ ਇਹ ਮਹਿਸੂਸ ਨਹੀਂ ਕੀਤਾ ਕਿ ਯਿਸੂ ਮੁਕਤੀਦਾਤਾ ਸੀ। ਅਤੇ ਉਹ ਨਬੀਆਂ ਦੇ ਲਿਖੇ ਬਚਨਾਂ ਨੂੰ ਨਾ ਸਮਝੇ ਜੋ ਹਰ ਸਬਤ ਦੇ ਦਿਨ ਪੜ੍ਹੇ ਜਾਂਦੇ ਹਨ। ਉਨ੍ਹਾਂ ਨੇ ਉਸ ਦੀ ਨਿਖੇਧੀ ਕੀਤੀ। ਭਾਵੇਂ ਉਨ੍ਹਾਂ ਨੇ ਨਬੀਆਂ ਦੇ ਬਚਨਾਂ ਨੂੰ ਸਮਝਿਆ ਤੇ ਪੂਰਾ ਕੀਤਾ। 28 ਭਾਵੇਂ ਉਨ੍ਹਾਂ ਲੋਕਾਂ ਨੂੰ ਯਿਸੂ ਦੇ ਵਿੱਚ ਕਤਲ ਦੇ ਲਾਇੱਕ ਕੋਈ ਦੋਸ਼ ਨਹੀਂ ਸੀ, ਲੱਭਿਆ ਤਾਂ ਵੀ ਉਨ੍ਹਾਂ ਨੇ ਪਿਲਾਤੁਸ ਦੇ ਅੱਗੇ ਅਰਜ਼ ਕੀਤੀ ਕਿ ਉਸ ਨੂੰ ਜਾਨੋ ਮਾਰ ਦਿੱਤਾ ਜਾਵੇ।
29 “ਜੋ ਕੁਝ ਪੋਥੀਆਂ ਵਿੱਚ ਯਿਸੂ ਨਾਲ ਵਾਪਰਨ ਬਾਰੇ ਲਿਖਿਆ ਹੋਇਆ ਸੀ ਇਨ੍ਹਾਂ ਯਹੂਦੀਆਂ ਨੇ ਉਹ ਸਭ ਕੁਝ ਬੁਰਾ ਯਿਸੂ ਨਾਲ ਕੀਤਾ। ਉਸਤੋਂ ਬਾਅਦ ਉਨ੍ਹਾਂ ਨੇ ਯਿਸੂ ਨੂੰ ਸਲੀਬ ਤੋਂ ਲਾਹਿਆ ਅਤੇ ਉਸ ਨੂੰ ਕਬਰ ਵਿੱਚ ਦਫ਼ਨਾ ਦਿੱਤਾ। 30 ਪਰ ਪਰਮੇਸ਼ੁਰ ਨੇ ਫ਼ਿਰ ਉਸ ਨੂੰ ਮੁਰਦੇ ਤੋਂ ਜਿਵਾਲਿਆ। 31 ਇਸਤੋਂ ਬਾਅਦ, ਬਹੁਤ ਦਿਨਾਂ ਮਗਰੋਂ ਯਿਸੂ ਉਨ੍ਹਾਂ ਲੋਕਾਂ ਨੂੰ ਦਿਖਾਈ ਦਿੰਦਾ ਰਿਹਾ ਜਿਹੜੇ ਗਲੀਲ ਤੋਂ ਯਰੂਸ਼ਲਮ ਨੂੰ ਉਸ ਦੇ ਨਾਲ ਆਏ ਸਨ, ਅਤੇ ਹੁਣ ਉਹ ਇਸ ਸੰਬੰਧੀ ਲੋਕਾਂ ਨੂੰ ਗਵਾਹੀ ਦੇ ਰਹੇ ਹਨ।
32 “ਅਸੀਂ ਤੁਹਾਨੂੰ ਉਸ ਵਾਅਦੇ ਦੀ ਖੁਸ਼ਖਬਰੀ ਸੁਣਾਉਂਦੇ ਹਾਂ ਜਿਹੜਾ ਸਾਡੇ ਬਜ਼ੁਰਗਾਂ ਨਾਲ ਕੀਤਾ ਗਿਆ ਸੀ। 33 ਅਸੀਂ ਉਨ੍ਹਾਂ ਦੇ ਬੱਚੇ ਹਾਂ ਅਤੇ ਪਰਮੇਸ਼ੁਰ ਨੇ ਹੁਣ ਯਿਸੂ ਨੂੰ ਮੁਰਦੇ ਤੋਂ ਉੱਠਾ ਕਿ ਸਾਡੇ ਨਾਲ ਆਪਣਾ ਵਾਅਦਾ ਪੂਰਾ ਕੀਤਾ ਹੈ। ਜਿਵੇਂ ਦੂਜੇ ਜ਼ਬੂਰ ਵਿੱਚ ਵੀ ਇਸ ਬਾਰੇ ਇਵੇਂ ਲਿਖਿਆ ਹੈ:
‘ਤੂੰ ਮੇਰਾ ਪੁੱਤਰ ਹੈਂ
ਅੱਜ ਮੈਂ ਤੇਰਾ ਪਿਤਾ ਬਣਿਆ ਹਾਂ।’ (A)
34 ਪਰਮੇਸ਼ੁਰ ਨੇ ਯਿਸੂ ਨੂੰ ਮੁਰਦੇ ਤੋਂ ਜਿਵਾਇਆ। ਉਹ ਕਦੇ ਵੀ ਕਬਰ ਵੱਲ ਸੜ੍ਹਨ ਲਈ ਵਾਪਸ ਨਹੀਂ ਜਾਵੇਗਾ। ਇਸ ਲਈ ਪਰਮੇਸ਼ੁਰ ਨੇ ਕਿਹਾ,
‘ਜੋ ਮੈਂ ਦਾਊਦ ਨੂੰ ਸੱਚੇ ਅਤੇ ਪਵਿੱਤਰ ਵਚਨ ਦਿੱਤੇ,
ਉਹ ਤੁਹਾਨੂੰ ਦੇਵਾਂਗਾ।’ (B)
35 ਪਰ ਦੂਜੀ ਜਗ਼੍ਹਾ ਇਹ ਆਖਦਾ ਹੈ,
‘ਤੂੰ ਆਪਣੇ ਪਵਿੱਤਰ ਪੁਰੱਖ ਨੂੰ ਕਬਰਾਂ ਵਿੱਚ ਸੜਨ ਨਹੀਂ ਦੇਵੇਗਾ।’ (C)
36 “ਦਾਊਦ, ਨੇ ਆਪਣੇ ਸਮੇਂ ਵਿੱਚ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ ਅਤੇ ਮਰ ਗਿਆ। ਫ਼ੇਰ ਉਹ ਆਪਣੇ ਪਿਉ-ਦਾਦਿਆਂ ਨਾਲ ਦਫ਼ਨਾਇਆ ਗਿਆ। ਅਤੇ ਉਸਦਾ ਸਰੀਰ ਕਬਰ ਵਿੱਚ ਸੜ ਗਿਆ। 37 ਪਰ ਉਹ ਇੱਕ, ਜਿਸ ਨੂੰ ਪਰਮੇਸ਼ੁਰ ਨੇ ਜੀਵਨ ਵੱਲ ਉੱਠਾਇਆ, ਕਬਰ ਵਿੱਚ ਨਹੀਂ ਸੜਿਆ। 38-39 ਹੇ ਭਰਾਵੋ। ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਤੁਹਾਨੂੰ ਕੀ ਆਖ ਰਹੇ ਹਾਂ; ਇਸਦਾ ਮਤਲਬ ਹੈ ਆਪਣੇ ਪਾਪਾਂ ਦੀ ਮੁਆਫ਼ੀ ਤੁਸੀਂ ਉਸ ਰਾਹੀਂ ਪਾ ਸੱਕਦੇ ਹੋ। ਹਰ ਉਹ ਵਿਅਕਤੀ ਜਿਹੜਾ ਉਸ ਵਿੱਚ ਵਿਸ਼ਵਾਸ ਰੱਖਦਾ ਹੈ, ਆਪਣੇ ਪਾਪਾਂ ਤੋਂ ਮੁਆਫ਼ ਹੈ ਅਤੇ ਉਸ ਨੂੰ ਉਸ ਸਭ ਕਾਸੇ ਤੋਂ ਵੀ ਮੁਕਤ ਕੀਤਾ ਗਿਆ ਹੈ ਜਿਸਤੋਂ ਮੂਸਾ ਦੀ ਸ਼ਰ੍ਹਾ ਤੁਹਾਨੂੰ ਮੁਕਤ ਨਹੀਂ ਕਰ ਸੱਕਦੀ। 40 ਸੁਚੇਤ ਰਹੋ ਤਾਂ ਕਿ ਜੋ ਨਬੀਆਂ ਨੇ ਆਖਿਆ ਹੈ ਤੁਹਾਡੇ ਨਾਲ ਨਹੀਂ ਵਾਪਰੇਗਾ।
41 ‘ਨਿੰਦਕੋ ਸੁਣੋ, ਅਚਰਜ ਮੰਨੋ ਅਤੇ ਦਫ਼ਾ ਹੋ ਜਾਓ।
ਕਿਉਂਕਿ ਤੁਹਾਡੇ ਸਮੇਂ ਵਿੱਚ
ਮੈਂ ਕੁਝ ਅਜਿਹਾ ਕਰਾਂਗਾ ਜਿਸਤੇ ਤੁਸੀਂ ਕਦੇ ਵੀ
ਵਿਸ਼ਵਾਸ ਨਹੀਂ ਕਰੋਂਗੇ,
ਭਾਵੇਂ ਕੋਈ ਤੁਹਾਨੂੰ ਇਹ ਦੱਸੇ।’” (D)
42 ਜਦੋਂ ਪੌਲੁਸ ਅਤੇ ਬਰਨਬਾਸ ਸਭਾ ਦਾ ਅਸਥਾਨ ਛੱਡ ਰਹੇ ਸਨ, ਲੋਕਾਂ ਨੇ ਉਨ੍ਹਾਂ ਨੂੰ ਅਗਲੇ ਸਬਤ ਦੇ ਦਿਨ ਫ਼ਿਰ ਆਉਣ ਅਤੇ ਇਨ੍ਹਾਂ ਗੱਲਾਂ ਬਾਰੇ ਹੋਰ ਗੱਲਾਂ ਦੱਸਣ ਲਈ ਅਰਜੋਈ ਕੀਤੀ। 43 ਉਸ ਸਭਾ ਤੋਂ ਬਾਅਦ ਬਹੁਤ ਸਾਰੇ ਯਹੂਦੀਆਂ ਨੇ ਉੱਥੇ ਉਨ੍ਹਾਂ ਦਾ ਸਾਥ ਕੀਤਾ। ਉਨ੍ਹਾਂ ਵਿੱਚ ਉੱਥੇ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੇ ਧਰਮ ਬਦਲੀ ਕਰਕੇ ਯਹੂਦੀ ਧਰਮ ਅਪਣਾ ਲਿਆ ਸੀ ਅਤੇ ਉਹ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰ ਰਹੇ ਸਨ। ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਤੁਸੀਂ ਪਰਮੇਸ਼ੁਰ ਦੀ ਕਿਰਪਾ ਵਿੱਚ ਬਣੇ ਰਹੋ।
44 ਅਗਲੇ ਸਬਤ ਦੇ ਦਿਨ ਸ਼ਹਿਰ ਦੇ ਤਕਰੀਬਨ ਸਾਰੇ ਲੋਕ ਪ੍ਰਭੂ ਦੇ ਬਚਨਾਂ ਨੂੰ ਸੁਣਨ ਲਈ ਇਕੱਠੇ ਹੋਏ। 45 ਯਹੂਦੀਆਂ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਵੇਖਿਆ। ਤਾਂ ਉਹ ਈਰਖਾ ਨਾਲ ਭਰ ਗਏ ਅਤੇ ਉਨ੍ਹਾਂ ਨੇ ਬਹੁਤ ਮਾੜਾ ਕਿਹਾ ਅਤੇ ਪੌਲੁਸ ਦੀਆਂ ਗੱਲਾਂ ਦੇ ਵਿਰੁੱਧ ਬੋਲਣ ਲੱਗੇ। 46 ਪਰ ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਖੁਲ੍ਹੇ ਤੌਰ ਤੇ ਆਖਿਆ, “ਸਾਨੂੰ ਪਰਮੇਸ਼ੁਰ ਦਾ ਸੰਦੇਸ਼ ਪਹਿਲਾਂ ਤੁਹਾਨੂੰ ਯਹੂਦੀਆਂ ਨੂੰ ਦੇਣਾ ਚਾਹੀਦਾ ਹੈ ਪਰ ਤੁਸੀਂ ਸੁਨਣ ਤੋਂ ਇਨਕਾਰ ਕਰਦੇ ਹੋ। ਤੁਸੀਂ ਆਪਣੇ-ਆਪ ਨੂੰ ਸਦੀਪਕ ਜੀਵਨ ਦੇ ਯੋਗ ਨਹੀਂ ਸਮਝਦੇ, ਇਸ ਲਈ ਅਸੀਂ ਹੁਣ ਹੋਰਨਾਂ ਕੌਮਾਂ ਵੱਲ ਨੂੰ ਮੁੜਦੇ ਹਾਂ। 47 ਕਿਉਂਕਿ ਪ੍ਰਭੂ ਨੇ ਸਾਨੂੰ ਇਉਂ ਹੁਕਮ ਦਿੱਤਾ ਹੈ:
‘ਮੈਂ ਤੁਹਾਨੂੰ ਹੋਰਨਾਂ ਕੌਮਾਂ ਦੇ ਲਈ ਰੋਸ਼ਨੀ ਵਰਗਾ ਠਹਿਰਾਇਆ ਹੈ
ਤਾਂ ਜੋ ਤੁਸੀਂ ਸਾਰੇ ਸੰਸਾਰ ਨੂੰ ਮੁਕਤੀ ਦਾ ਰਾਹ ਦਿਖਾ ਸੱਕੋ।’” (E)
48 ਜਦੋਂ ਗੈਰ-ਯਹੂਦੀ ਲੋਕਾਂ ਨੇ ਪੌਲੁਸ ਨੂੰ ਇਹ ਕਹਿੰਦੇ ਸੁਣਿਆ ਤਾਂ ਉਹ ਖੁਸ਼ ਹੋਏ ਉਨ੍ਹਾਂ ਨੇ ਪ੍ਰਭੂ ਦੇ ਸੰਦੇਸ਼ ਦਾ ਸਤਿਕਾਰ ਕੀਤਾ ਅਤੇ ਇਹੀ ਲੋਕ ਸਨ ਜਿਹੜੇ ਸਦੀਪਕ ਜੀਵਨ ਲਈ ਚੁਣੇ ਗਏ ਸਨ, ਬਹੁਤ ਸਾਰੇ ਲੋਕਾਂ ਨੇ ਸੰਦੇਸ਼ ਉੱਤੇ ਵਿਸ਼ਵਾਸ ਕੀਤਾ।
49 ਤਾਂ ਸਾਰੇ ਦੇਸ਼ ਵਿੱਚ ਪ੍ਰਭੂ ਦਾ ਬਚਨ ਫ਼ੈਲਦਾ ਗਿਆ। 50 ਪਰ ਯਹੂਦੀਆਂ ਨੇ ਕੁਝ ਮਹੱਤਵਯੋਗ ਔਰਤਾਂ ਅਤੇ ਸ਼ਹਿਰ ਦੇ ਆਗੂਆਂ ਨੂੰ ਪੌਲੁਸ ਅਤੇ ਬਰਨਬਾਸ ਦੇ ਵਿਰੁੱਧ ਉਕਸਾਇਆ। ਫ਼ੇਰ ਉਨ੍ਹਾਂ ਲੋਕਾਂ ਨੇ ਪੌਲੁਸ ਅਤੇ ਬਰਨਬਾਸ ਦੇ ਵਿਰੁੱਧ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਸ਼ਹਿਰੋਂ ਬਾਹਰ ਕੱਢ ਦਿੱਤਾ। 51 ਪਰ ਉਹ ਦੋਨੋਂ ਆਪਣੇ ਪੈਰਾਂ ਦੀ ਧੂੜ ਝਾੜਦੇ ਹੋਏ ਇੱਕੋਨਿਯੁਮ ਵਿੱਚ ਪਰਤ ਆਏ। 52 ਪਰ ਅੰਤਾਕਿਯਾ ਵਿੱਚ, ਚੇਲੇ ਅਨੰਦ ਅਤੇ ਪਵਿੱਤਰ ਆਤਮਾ ਨਾਲ ਭਰੇ ਹੋਏ ਸਨ।
2010 by Bible League International