ਯਿਰਮਿਯਾਹ 31
Punjabi Bible: Easy-to-Read Version
ਨਵਾਂ ਇਸਰਾਏਲ
31 ਯਹੋਵਾਹ ਨੇ ਇਹ ਗੱਲਾਂ ਆਖੀਆਂ, “ਉਸ ਸਮੇਂ, ਮੈਂ ਇਸਰਾਏਲ ਦੇ ਸਮੂਹ ਪਰਿਵਾਰ-ਸਮੂਹਾਂ ਦਾ ਪਰਮੇਸ਼ੁਰ ਹੋਵਾਂਗਾ। ਅਤੇ ਉਹ ਮੇਰੇ ਬੰਦੇ ਹੋਣਗੇ।”
2 ਯਹੋਵਾਹ ਆਖਦਾ ਹੈ:
“ਜੋ ਲੋਕ ਦੁਸ਼ਮਣ ਦੀ ਤਲਵਾਰ ਕੋਲੋਂ ਬਚੇ ਸਨ, ਉਹ ਮਾਰੂਬਲ ਅੰਦਰ ਅਰਾਮ ਲੱਭਣਗੇ।
ਇਸਰਾਏਲ ਓੱਥੇ ਅਰਾਮ ਦੀ ਤਲਾਸ਼ ਵਿੱਚ ਜਾਵੇਗਾ।”
3 ਦੂਰ ਦੁਰਾਡਿਓ,
ਯਹੋਵਾਹ ਆਪਣੇ ਲੋਕਾਂ ਨੂੰ ਦਿਖਾਈ ਦੇਵੇਗਾ।
ਯਹੋਵਾਹ ਆਖਦਾ ਹੈ, “ਮੈਂ ਤੁਹਾਨੂੰ ਲੋਕਾਂ ਨੂੰ ਅਜਿਹਾ ਪਿਆਰ ਕਰਦਾ ਹਾਂ ਜੋ ਸਦਾ ਲਈ ਰਹਿੰਦਾ ਹੈ।
ਇਸੇ ਲਈ ਮੈਂ ਤੁਹਾਡੇ ਉੱਤੇ ਮਿਹਰ ਦਰਸਾਉਣਾ ਜਾਰੀ ਰੱਖਿਆ।
4 ਇਸਰਾਏਲ, ਮੇਰੀ ਵਹੁਟੀਏ, ਮੈਂ ਤੈਨੂੰ ਫ਼ੇਰ ਉਸਾਰਾਂਗਾ।
ਤੂੰ ਫ਼ੇਰ ਤੋਂ ਇੱਕ ਮੁਲਕ ਬਣੇਁਗੀ।
ਤੂੰ ਫ਼ੇਰ ਤੋਂ ਆਪਣੀਆਂ ਤੰਬੂਰੀਆਂ ਚੁੱਕੇਂਗੀ।
ਫ਼ੇਰ ਤੂੰ ਉਨ੍ਹਾਂ ਸਾਰੇ ਲੋਕਾਂ ਨਾਲ ਨੱਚੇਁਗੀ, ਜਿਹੜੇ ਖੁਸ਼ੀ ਮਨਾ ਰਹੇ ਨੇ।
5 ਇਸਰਾਏਲ ਦੇ ਕਿਸਾਨੋ, ਤੁਸੀਂ ਫੇਰ ਅੰਗੂਰਾਂ ਦੇ ਬਗੀਚੇ ਬੀਜੋਁਗੇ।
ਤੁਸੀਂ ਸਾਮਰਿਯਾ ਸ਼ਹਿਰ ਦੀਆਂ ਪਹਾੜੀਆਂ ਦੁਆਲੇ ਅੰਗੂਰਾਂ ਦੀਆਂ ਵੇਲਾਂ ਲਗਾਵੋਂਗੇ।
ਅਤੇ ਉਹ ਕਿਸਾਨ ਉਨ੍ਹਾਂ ਵੇਲਾਂ ਦੇ ਅੰਗੂਰ ਮਾਨਣਗੇ।
6 ਉਹ ਅਜਿਹਾ ਸਮਾਂ ਹੋਵੇਗਾ ਜਦੋਂ ਚੌਕੀਦਾਰ ਕੂਕ ਕੇ ਇਹ ਸੰਦੇਸ਼ ਸੁਣਾਵੇਗਾ:
ਆਓ, ਅਸੀਂ ਸੀਯੋਨ ਉੱਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਚੱਲੀਏ!
ਅਫ਼ਰਾਈਮ ਦੇ ਪਹਾੜੀ ਦੇਸ਼ ਅੰਦਰ ਵੀ ਚੌਕੀਦਾਰ ਉਹ ਸੰਦੇਸ਼ ਕੂਕ ਸੁਣਾਵੇਗਾ।”
7 ਯਹੋਵਾਹ ਆਖਦਾ ਹੈ:
“ਖੁਸ਼ ਹੋਵੋ ਅਤੇ ਯਾਕੂਬ ਲਈ ਗੀਤ ਗਾਵੋ!
ਇਸਰਾਏਲ, ਸਾਰੀਆਂ ਕੌਮਾਂ ਵਿੱਚੋਂ ਮਹਾਨ ਕੌਮ ਦੇ ਨਾਹਰੇ ਮਾਰੋ!
ਉਸਤਤ ਗਾਵੋ ਅਤੇ ਨਾਹਰੇ ਮਾਰੋ:
‘ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਇਆ!
ਉਸ ਨੇ ਉਨ੍ਹਾਂ ਲੋਕਾਂ ਨੂੰ ਬਚਾਇਆ ਹੈ, ਜਿਹੜੇ ਇਸਰਾਏਲ ਦੀ ਕੌਮ ਵਿੱਚੋਂ ਜਿਉਂਦੇ ਰਹਿ ਗਏ ਨੇ।’
8 ਚੇਤੇ ਰੱਖੋ, ਮੈਂ ਇਸਰਾਏਲ ਨੂੰ ਉੱਤਰ ਵੱਲ ਦੇ
ਉਸ ਦੇਸ਼ ਵਿੱਚੋਂ ਲਿਆਵਾਂਗਾ।
ਮੈਂ ਇਸਰਾਏਲ ਦੇ ਲੋਕਾਂ ਨੂੰ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕੱਠੇ ਕਰਾਂਗਾ।
ਕੁਝ ਲੋਕ ਅੰਨ੍ਹੇ ਜਾਂ ਵਿਕਲਾਂਗ ਹੋਣਗੇ।
ਕੁਝ ਔਰਤਾਂ ਗਰਭਵਤੀ, ਬੱਚੇ ਜਣਨ ਲਈ ਤਿਆਰ ਹੋਣਗੀਆਂ।
ਪਰ ਬਹੁਤ ਸਾਰੇ ਲੋਕ ਵਾਪਸ ਆਉਣਗੇ।
9 ਉਹ ਲੋਕ ਰੋਦੇ ਹੋਏ ਆਉਣਗੇ।
ਪਰ ਮੈਂ ਉਨ੍ਹਾਂ ਦੀ ਅਗਵਾਈ ਕਰਾਂਗਾ ਅਤੇ ਉਨ੍ਹਾਂ ਨੂੰ ਸੱਕੂਨ ਦੇਵਾਂਗਾ।
ਮੈਂ ਉਨ੍ਹਾਂ ਲੋਕਾਂ ਦੀ ਅਗਵਾਈ ਪਾਣੀ ਦੀਆਂ ਨਦੀਆਂ ਦੇ ਨਾਲ-ਨਾਲ ਕਰਾਂਗਾ।
ਮੈਂ ਉਨ੍ਹਾਂ ਦੀ ਅਗਵਾਈ ਸੌਖੇ ਰਾਹ ਉੱਤੇ ਅਗਵਾਈ ਕਰਾਂਗਾ ਤਾਂ ਜੋ ਉਹ ਠੋਕਰਾਂ ਨਾ ਖਾਣ।
ਮੈਂ ਓਸੇ ਤਰ੍ਹਾਂ ਉਨ੍ਹਾਂ ਦੀ ਅਗਵਾਈ ਕਰਾਂਗਾ ਕਿਉਂ ਕਿ ਮੈਂ ਇਸਰਾਏਲ ਦਾ ਪਿਤਾ ਹਾਂ।
ਅਤੇ ਅਫ਼ਰਾਈਮ ਮੇਰਾ ਪਹਿਲੋਠਾ ਪੁੱਤਰ ਹੈ।
10 ਕੌਮੋ, ਯਹੋਵਾਹ ਵੱਲੋਂ, ਇਸ ਸੰਦੇਸ਼ ਨੂੰ ਸੁਣੋ!
ਇਸ ਸੰਦੇਸ਼ ਬਾਰੇ ਸਮੁੰਦਰ ਕੰਢੇ ਦੇ ਦੂਰ-ਦੁਰਾਡੇ ਦੇ ਦੇਸ਼ਾਂ ਨੂੰ ਦੱਸੋ।
‘ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਨੂੰ ਖਿੰਡਾਇਆ ਸੀ
ਪਰ ਪਰਮੇਸ਼ੁਰ ਹੀ ਉਨ੍ਹਾਂ ਨੂੰ ਵਾਪਸ ਇਕੱਠਿਆਂ ਲਿਆਵੇਗਾ
ਅਤੇ ਉਹ ਇੱਕ ਅਯਾਲੀ ਵਾਂਗ ਆਪਣੇ ਇੱਜੜ (ਲੋਕਾਂ) ਦੀ ਨਿਗਰਾਨੀ ਕਰੇਗਾ।’
11 ਯਹੋਵਾਹ ਯਾਕੂਬ ਨੂੰ ਵਾਪਸ ਲਿਆਵੇਗਾ।
ਯਾਕੂਬ ਆਪਣੇ ਲੋਕਾਂ ਨੂੰ ਉਨ੍ਹਾਂ ਲੋਕਾਂ ਤੋਂ ਬਚਾਵੇਗਾ ਜਿਹੜੇ ਉਨ੍ਹਾਂ ਨਾਲੋਂ ਤਾਕਤਵਰ ਨੇ।
12 ਇਸਰਾਏਲ ਦੇ ਲੋਕ ਸੀਯੋਨ ਦੀ ਚੋਟੀ ਉੱਤੇ ਆਉਣਗੇ
ਅਤੇ ਉਹ ਖੁਸ਼ੀ ਦੇ ਨਾਹਰੇ ਮਾਰਨਗੇ।
ਉਨ੍ਹਾਂ ਦੇ ਚਿਹਰੇ ਉਨ੍ਹਾਂ ਚੰਗੀਆਂ ਚੀਜ਼ਾਂ ਲਈ ਖੁਸ਼ੀ ਨਾਲ ਚਮਕਣਗੇ ਜੋ ਯਹੋਵਾਹ ਉਨ੍ਹਾਂ ਨੂੰ ਦੇਵੇਗਾ।
ਯਹੋਵਾਹ ਉਨ੍ਹਾਂ ਨੂੰ ਅਨਾਜ, ਨਵੀਂ ਮੈਅ, ਜ਼ੈਤੂਨ ਦਾ ਤੇਲ, ਲੇਲੇ ਅਤੇ ਗਾਵਾਂ ਦੇਵੇਗਾ।
ਉਹ ਉਸ ਬਾਗ਼ ਵਰਗੇ ਹੋਣਗੇ, ਜਿੱਥੇ ਪਾਣੀ ਬਹੁਤ ਹੁੰਦਾ ਹੈ।
ਅਤੇ ਇਸਰਾਏਲ ਦੇ ਲੋਕ ਹੁਣ ਹੋਰ ਮੁਸ਼ਕਿਲ ਵਿੱਚ ਨਹੀਂ ਪੈਣਗੇ।
13 ਫ਼ੇਰ ਇਸਰਾਏਲ ਦੀਆਂ ਮੁਟਿਆਰਾਂ ਖੁਸ਼ ਹੋਕੇ ਨੱਚਣਗੀਆਂ।
ਅਤੇ ਨਾਚ ਵਿੱਚ ਬੁੱਢੇ ਅਤੇ ਗੱਭਰੂ ਸ਼ਾਮਿਲ ਹੋਣਗੇ।
ਮੈਂ ਉਨ੍ਹਾਂ ਦੀ ਉਦਾਸੀ ਨੂੰ ਖੁਸ਼ੀ ਵਿੱਚ ਬਦਲ ਦਿਆਂਗਾ।
ਮੈਂ ਇਸਰਾਏਲ ਦੇ ਲੋਕਾਂ ਨੂੰ ਸੱਕੂਨ ਪਹੁੰਚਾਵਾਂਗਾ।
ਮੈਂ ਉਨ੍ਹਾਂ ਦੀ ਉਦਾਸੀ ਖੁਸ਼ੀ ਵਿੱਚ ਬਦਲ ਦਿਆਂਗਾ।
14 ਮੈਂ ਜਾਜਕਾਂ ਨੂੰ ਚੋਖਾ ਭੋਜਨ ਦੇਵਾਂਗਾ।
ਅਤੇ ਮੇਰੇ ਲੋਕ ਉਨ੍ਹਾਂ ਚੰਗੀਆਂ ਚੀਜ਼ਾਂ ਨਾਲ ਰੱਜੇ ਅਤੇ ਸੰਤੁਸ਼ਟ ਹੋਣਗੇ ਜੋ ਮੈਂ ਉਨ੍ਹਾਂ ਨੂੰ ਦੇਵਾਂਗਾ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
15 ਯਹੋਵਾਹ ਆਖਦਾ ਹੈ:
“ਰਾਮਾਹ ਅੰਦਰ ਇੱਕ ਅਵਾਜ਼ ਸੁਣਾਈ ਦੇਵੇਗੀ।
ਇਹ ਬਹੁਤ ਉਦਾਸੀ ਨਾਲ ਭਰੇ ਸਖਤ ਰੋਣ ਦੀ ਹੋਵੇਗੀ।
ਰਾਖੇਲ ਆਪਣੇ ਬੱਚਿਆਂ ਲਈ ਰੋ ਰਹੀ ਹੋਵੇਗੀ।
ਰਾਖੇਲ ਧੀਰਜ ਨਹੀਂ ਧਰੇਗੀ ਕਿਉਂ ਕਿ ਉਸ ਦੇ ਬੱਚੇ ਹਨ ਮਰ ਗਏ ਹੋਏ।”
16 ਪਰ ਯਹੋਵਾਹ ਆਖਦਾ ਹੈ: “ਰੋਣ ਤੋਂ ਰੁਕ ਜਾਓ!
ਆਪਣੀਆਂ ਅੱਖੀਆਂ ਵਿੱਚ ਹੰਝੂ ਨਾ ਭਰੋ!
ਤੈਨੂੰ ਆਪਣੇ ਕੰਮ ਦਾ ਇਨਾਮ ਮਿਲੇਗਾ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
“ਇਸਰਾਏਲ ਦੇ ਲੋਕ ਆਪਣੇ ਦੁਸ਼ਮਣ ਦੀ ਧਰਤੀ ਤੋਂ ਵਾਪਸ ਪਰਤ ਆਉਣਗੇ।
17 ਇਸਰਾਏਲ, ਤੇਰੇ ਲਈ ਅਜੇ ਉਮੀਦ ਹੈ।”
ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
“ਤੇਰੇ ਬੱਚੇ ਵਾਪਸ ਆਪਣੀ ਧਰਤੀ ਉੱਤੇ ਆ ਜਾਣਗੇ।
18 ਮੈਂ ਅਫ਼ਰਾਈਮ ਨੂੰ ਰੋਦਿਆਂ ਸੁਣਿਆ ਹੈ।
ਮੈਂ ਅਫ਼ਰਾਈਮ ਨੂੰ ਇਹ ਗੱਲਾਂ ਆਖਦਿਆਂ ਸੁਣਿਆ ਹੈ:
‘ਯਹੋਵਾਹ, ਤੂੰ ਸੱਚਮੁੱਚ ਮੈਨੂੰ ਸਜ਼ਾ ਦਿੱਤੀ!
ਅਤੇ ਮੈਂ ਆਪਣਾ ਸਬਕ ਸਿੱਖ ਲਿਆ।
ਮੈਂ ਉਸ ਵੱਛੇ ਵਰਗਾ ਸਾਂ, ਜਿਸ ਨੂੰ ਕਦੇ ਸਿੱਧਾਇਆ ਨਹੀਂ ਗਿਆ ਸੀ।
ਮਿਹਰ ਕਰਕੇ ਮੈਨੂੰ ਸਜ਼ਾ ਦੇਣੋ ਰੁਕ ਜਾਓ,
ਅਤੇ ਮੈਂ ਵਾਪਸ ਤੁਹਾਡੇ ਵੱਲ ਪਰਤ ਆਵਾਂਗਾ।
ਤੁਸੀਂ ਸੱਚਮੁੱਚ ਯਹੋਵਾਹ ਮੇਰੇ ਪਰਮੇਸ਼ੁਰ ਹੋ।
19 ਯਹੋਵਾਹ, ਮੈਂ ਤੁਹਾਡੇ ਕੋਲੋਂ ਦੂਰ ਭਟਕ ਗਿਆ ਸਾਂ।
ਪਰ ਮੈਂ ਆਪਣੇ ਕੀਤੇ ਮੰਦੇ ਅਮਲਾਂ ਨੂੰ ਜਾਣ ਗਿਆ।
ਇਸ ਲਈ ਮੈਂ ਆਪਣਾ ਦਿਲ ਤੇ ਜੀਵਨ ਬਦਲ ਲਿਆ।
ਮੈਂ ਉਨ੍ਹਾਂ ਮੂਰੱਖਤਾ ਭਰੀਆਂ ਗੱਲਾਂ ਕਾਰਣ ਸ਼ਰਮਸਾਰ ਅਤੇ ਨਮੋਸ਼ੀ ਭਰਿਆ ਹਾਂ,
ਜਿਹੜੀਆਂ ਮੈਂ ਜਵਾਨੀ ਵੇਲੇ ਕੀਤੀਆਂ ਸਨ।’”
20 ਪਰਮੇਸ਼ੁਰ ਆਖਦਾ ਹੈ,
“ਤੁਸੀਂ ਜਾਣਦੇ ਹੋ ਕਿ ਅਫ਼ਰਾਈਮ ਮੇਰਾ ਪਿਆਰਾ ਪੁੱਤਰ ਹੈ।
ਮੈਂ ਉਸ ਬੱਚੇ ਨੂੰ ਪਿਆਰ ਕਰਦਾ ਹਾਂ। ਹਾਂ,
ਮੈਂ ਉਸ ਨੂੰ ਬੜੀ ਵਾਰੀ ਨਿੰਦਿਆ
ਪਰ ਹਾਲੇ ਵੀ ਮੈਨੂੰ ਉਸਦਾ ਖਿਆਲ ਹੈ।
ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ।
ਅਤੇ ਸੱਚਮੁੱਚ ਮੈਂ ਉਸ ਨੂੰ ਤਸੱਲੀ ਦੇਣਾ ਚਾਹੁੰਦਾ ਹਾਂ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
21 “ਇਸਰਾਏਲ ਦੇ ਲੋਕੋ, ਸੜਕਾਂ ਦੇ ਨਿਸ਼ਾਨ ਲਗਾ ਦੇਵੋ।
ਅਜਿਹੇ ਸੰਕੇਤ ਰੱਖ ਦਿਓ ਜਿਹੜੇ ਘਰ ਦਾ ਰਸਤਾ ਦਰਸਾਉਣ।
ਰਸਤੇ ਦੀ ਨਿਗਰਾਨੀ ਕਰੋ।
ਉਸ ਰਾਹ ਨੂੰ ਚੇਤੇ ਰੱਖੋ, ਜਿਸ ਉੱਤੇ ਤੁਸੀਂ ਤੁਰਦੇ ਜਾ ਰਹੇ ਹੋ।
ਇਸਰਾਏਲ, ਮੇਰੀ ਵਹੁਟੀਏ, ਘਰ ਆ ਜਾ।
ਆਪਣੇ ਕਸਬਿਆਂ ਨੂੰ ਵਾਪਸ ਆ ਜਾ।
22 ਬੇਵਫ਼ਾ ਪੁੱਤਰੀਏ,
ਤੂੰ ਕਿੰਨਾ ਕੁ ਚਿਰ ਇਧਰ ਓਧਰ ਭਟਕਦੀ ਰਹੇਂਗੀ?
“ਤੂੰ ਕਦੋਂ ਘਰ ਪਰਤ ਕੇ ਆਵੇਂਗ? ਜਦੋਂ ਯਹੋਵਾਹ ਧਰਤੀ ਉੱਤੇ ਕੋਈ ਨਵੀਂ ਸਿਰਜਣਾ ਕਰਦਾ ਹੈ:
ਆਦਮੀ ਦੁਆਲੇ ਔਰਤ।”
23 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, “ਮੈਂ ਯਹੂਦਾਹ ਦੇ ਲੋਕਾਂ ਲਈ ਫ਼ੇਰ ਚੰਗੀਆਂ ਗੱਲਾਂ ਕਰਾਂਗਾ। ਮੈਂ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਵਾਂਗਾ ਜਿਨ੍ਹਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਸੀ। ਉਸ ਸਮੇਂ, ਯਹੂਦਾਹ ਦੀ ਧਰਤੀ ਅਤੇ ਇਸ ਦੇ ਕਸਬਿਆਂ ਦੇ ਲੋਕ ਇੱਕ ਵਾਰੀ ਫ਼ੇਰ ਇਹ ਸ਼ਬਦ ਵਰਤਣਗੇ: ਯਹੋਵਾਹ ਤੁਹਾਨੂੰ ਅਸੀਸ ਦੇਵੇ, ਚੰਗੇ ਘਰ ਅਤੇ ਪਵਿੱਤਰ ਪਰਬਤ!”
24 “ਯਹੂਦਾਹ ਦੇ ਸਾਰੇ ਕਸਬਿਆਂ ਦੇ ਲੋਕ ਸ਼ਾਂਤੀ ਨਾਲ ਇਕੱਠੇ ਰਹਿਣਗੇ। ਕਿਸਾਨ ਅਤੇ ਉਹ ਲੋਕ ਜਿਹੜੇ ਆਪਣੇ ਇੱਜੜਾਂ ਦੇ ਨਾਲ ਇਧਰ ਓਧਰ ਤੁਰਦੇ ਫ਼ਿਰਦੇ ਨੇ, ਯਹੂਦਾਹ ਵਿੱਚ ਸ਼ਾਂਤੀ ਨਾਲ ਰਲ ਕੇ ਰਹਿਣਗੇ। 25 ਮੈਂ ਬੱਕੇ ਹਾਰੇ ਲੋਕਾਂ ਨੂੰ ਆਰਾਮ ਅਤੇ ਤਾਕਤ ਦਿਆਂਗਾ।”
26 ਇਹ ਸੁਣਨ ਤੋਂ ਮਗਰੋਂ, ਮੈਂ ਜਾਗ ਪਿਆ ਅਤੇ ਆਲੇ-ਦੁਆਲੇ ਦੇਖਣ ਲੱਗਾ। ਇਹ ਬਹੁਤ ਚੰਗੀ ਨੀਂਦ ਸੀ।
27 “ਆ ਰਹੇ ਨੇ ਦਿਨ,” ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਜਦੋਂ ਮੈਂ ਇਸਰਾਏਲ ਅਤੇ ਯਹੂਦਾਹ ਦੇ ਪਰਿਵਾਰ ਨੂੰ ਵੱਧਣ ਫ਼ੁੱਲਣ ਵਿੱਚ ਸਹਾਇਤਾ ਕਰਾਂਗਾ। ਮੈਂ ਉਨ੍ਹਾਂ ਦੇ ਬੱਚਿਆਂ ਅਤੇ ਜਾਨਵਰਾਂ ਦੇ ਵੱਧਣ ਫ਼ੁੱਲਣ ਵਿੱਚ ਵੀ ਸਹਾਇਤਾ ਕਰਾਂਗਾ। ਇਹ ਕਿਸੇ ਬੂਟੇ ਨੂੰ ਬੀਜਣ ਅਤੇ ਉਸਦੀ ਨਿਗਰਾਨੀ ਕਰਨ ਵਾਲੀ ਗੱਲ ਹੋਵੇਗੀ। 28 ਅਤੀਤ ਵਿੱਚ, ਮੈਂ ਇਸਰਾਏਲ ਅਤੇ ਯਹੂਦਾਹ ਦੀ ਨਿਗਰਾਨੀ ਕੀਤੀ ਸੀ ਪਰ ਮੈਂ ਉਨ੍ਹਾਂ ਦੀ ਖਿਚਾਈ ਕਰਨ ਦੇ ਸਮੇਂ ਦੀ ਵੀ ਨਿਗਰਾਨੀ ਕੀਤੀ ਸੀ। ਮੈਂ ਉਨ੍ਹਾਂ ਨੂੰ ਹੇਠਾਂ ਲਾਹ ਸੁੱਟਿਆ। ਮੈਂ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਮੈਂ ਉਨ੍ਹਾਂ ਨੂੰ ਬਹੁਤ ਮੁਸੀਬਤਾਂ ਦਿੱਤੀਆਂ। ਪਰ ਹੁਣ ਮੈਂ ਉਨ੍ਹਾਂ ਦੀ ਨਿਗਰਾਨੀ ਉਨ੍ਹਾਂ ਨੂੰ ਉਸਾਰਨ ਲਈ ਅਤੇ ਉਨ੍ਹਾਂ ਨੂੰ ਮਜ਼ਬੂਤ ਬਨਾਉਣ ਲਈ ਕਰ ਰਿਹਾ ਹਾਂ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
29 “ਲੋਕ ਹੋਰ ਵੱਧੇਰੇ ਇਸ ਕਹਾਉਤ ਦੀ ਵਰਤੋਂ ਨਹੀਂ ਕਰਨਗੇ:
‘ਮਾਪਿਆਂ ਨੇ ਖਾਧੇ ਖੱਟੇ ਅੰਗੂਰ,
ਪਰ ਉਨ੍ਹਾਂ ਦੇ ਬੱਚਿਆਂ ਨੂੰ ਆਇਆ ਸੁਆਦ ਖੱਟਾ।18
30 ਨਹੀਂ, ਹਰ ਬੰਦਾ ਆਪਣੇ ਗੁਨਾਹ ਲਈ ਮਰੇਗਾ। ਜਿਹੜਾ ਬੰਦਾ ਖੱਟੇ ਅੰਗੂਰ ਖਾਂਦਾ ਹੈ ਓਸੇ ਨੂੰ ਖੱਟਾ ਸੁਆਦ ਆਵੇਗਾ।”
ਨਵਾਂ ਇਕਰਾਰਨਾਮਾ
31 ਯਹੋਵਾਹ ਨੇ ਇਹ ਗੱਲਾਂ ਆਖੀਆਂ, “ਸਮਾਂ ਆ ਰਿਹਾ ਹੈ ਜਦੋਂ ਮੈਂ ਇਸਰਾਏਲ ਦੇ ਪਰਿਵਾਰ ਅਤੇ ਯਹੂਦਾਹ ਦੇ ਪਰਿਵਾਰ ਨਾਲ ਇੱਕ ਨਵਾਂ ਇਕਰਾਰਨਾਮਾ ਕਰਾਂਗਾ। 32 ਇਹ ਓਸ ਤਰ੍ਹਾਂ ਦਾ ਇਕਰਾਰਨਾਮਾ ਨਹੀਂ ਹੋਵੇਗਾ ਜਿਹੜਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਸੀ। ਉਹ ਇਕਰਾਰਨਾਮਾ ਮੈਂ ਉਦੋਂ ਕੀਤਾ ਸੀ ਜਦੋਂ ਮੈਂ ਉਨ੍ਹਾਂ ਨੂੰ ਹੱਥ ਫ਼ੜ ਕੇ ਮਿਸਰ ਤੋਂ ਬਾਹਰ ਲੈ ਆਇਆ ਸੀ। ਮੈਂ ਉਨ੍ਹਾਂ ਦਾ ਮਾਲਕ ਸੀ ਪਰ ਉਨ੍ਹਾਂ ਨੇ ਉਹ ਇਕਰਾਰਨਾਮਾ ਤੋੜ ਦਿੱਤਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
33 “ਭਵਿੱਖ ਵਿੱਚ ਮੈਂ ਇਸਰਾਏਲ ਦੇ ਲੋਕਾਂ ਨਾਲ ਇਹ ਇਕਰਾਰਨਾਮਾ ਕਰਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਮੈਂ ਆਪਣੀ ਬਿਵਸਬਾ ਉਨ੍ਹਾਂ ਦੇ ਮਨਾਂ ਵਿੱਚ ਰੱਖ ਦਿਆਂਗਾ, ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦਿਲਾਂ ਉੱਤੇ ਲਿਖ ਦਿਆਂਗਾ। ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਬੰਦੇ ਹੋਣਗੇ। 34 ਯਹੋਵਾਹ ਨੂੰ ਜਾਣਨ ਲਈ ਲੋਕਾਂ ਨੂੰ ਆਪਣੀ ਗਵਾਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਸਿੱਖਿਆ ਨਹੀਂ ਦੇਣੀ ਪਵੇਗੀ। ਕਿਉਂ? ਕਿਉਂ ਕਿ ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਤੀਕ ਸਾਰੇ ਲੋਕ ਮੈਨੂੰ ਜਾਣ ਲੈਣਗੇ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਦੀ ਮਾਫ਼ੀ ਦੇ ਦਿਆਂਗਾ। ਮੈਂ ਉਨ੍ਹਾਂ ਦੇ ਪਾਪ ਚੇਤੇ ਨਹੀਂ ਰੱਖਾਂਗਾ।”
ਯਹੋਵਾਹ ਕਦੇ ਵੀ ਇਸਰਾਏਲ ਨੂੰ ਨਹੀਂ ਛੱਡੇਗਾ
35 ਆਖਦਾ ਹੈ ਯਹੋਵਾਹ: “ਦਿਨ ਵੇਲੇ ਯਹੋਵਾਹ ਸੂਰਜ ਨੂੰ ਚਮਕਾਉਂਦਾ ਹੈ।
ਅਤੇ ਯਹੋਵਾਹ ਰਾਤ ਵੇਲੇ ਚੰਨ ਤਾਰਿਆਂ ਨੂੰ ਚਮਕਾਉਂਦਾ ਹੈ।
ਯਹੋਵਾਹ ਸਮੁੰਦਰ ਨੂੰ ਇਸ ਤਰ੍ਹਾਂ ਹਿਲਾਉਂਦਾ ਹੈ ਕਿ ਉਸ ਦੀਆਂ ਲਹਿਰਾਂ ਕੰਢਿਆਂ ਨਾਲ ਟਕਰਾਉਂਦੀਆਂ ਨੇ।
ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ।”
ਯਹੋਵਾਹ ਇਹ ਗੱਲਾਂ ਆਖਦਾ ਹੈ:
36 “ਇਸਰਾਏਲ ਦੇ ਉੱਤਰਾਧਿਕਾਰੀ ਕਦੇ ਵੀ ਕੌਮ ਬਣੀ ਰਹਿਣ ਤੋਂ ਕਦੇ ਨਹੀਂ ਹਟਣਗੇ।
ਇਹ ਉਦੋਂ ਹੀ ਵਾਪਰੇਗਾ ਜਦੋਂ ਸੂਰਜ, ਚੰਨ, ਤਾਰਿਆਂ ਅਤੇ ਸਮੁੰਦਰ ਉੱਤੋਂ ਮੇਰਾ ਕਾਬੂ ਹਟ ਗਿਆ।”
37 ਯਹੋਵਾਹ ਆਖਦਾ ਹੈ: “ਮੈਂ ਕਦੇ ਵੀ ਇਸਰਾਏਲ ਦੇ ਉੱਤਰਾਧਿਕਾਰੀਆਂ ਨੂੰ ਨਹੀਂ ਤਿਆਗਾਂਗਾ।
ਉਹ ਉਦੋਂ ਹੀ ਵਾਪਰੇਗਾ, ਜੇ ਲੋਕ ਉੱਪਰ ਅਕਾਸ਼ ਨੂੰ ਮਾਪ ਲੈਣ ਅਤੇ ਹੇਠਾਂ ਧਰਤੀ ਦੇ ਸਾਰੇ ਭੇਤ ਜਾਣ ਲੈਣ।
ਸਿਰਫ਼ ਉਦੋਂ ਹੀ ਮੈਂ ਇਸਰਾਏਲ ਦੇ ਉੱਤਰਾਧਿਕਾਰੀਆਂ ਨੂੰ ਤਿਆਗਾਂਗਾ।
ਸਿਰਫ਼ ਉਦੋਂ ਹੀ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਮੰਦੇ ਕੰਮਾਂ ਖਾਤਰ ਤਿਆਗਾਂਗਾ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਨਵਾਂ ਯਰੂਸ਼ਲਮ
38 ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਉਹ ਦਿਨ ਆ ਰਹੇ ਹਨ ਜਦੋਂ ਯਰੂਸ਼ਲਮ ਦੇ ਸ਼ਹਿਰ ਨੂੰ ਯਹੋਵਾਹ ਲਈ ਫ਼ੇਰ ਉਸਾਰਿਆ ਜਾਵੇਗਾ। ਸਾਰੇ ਸ਼ਹਿਰ ਨੂੰ ਫ਼ੇਰ ਉਸਾਰਿਆ ਜਾਵੇਗਾ-ਹਨਨੇਲ ਦੇ ਮੀਨਾਰ ਤੋਂ ਲੈ ਕੇ ਨੁਕਰ ਦੇ ਦਰਵਾਜ਼ੇ ਤੀਕ। 39 ਨਾਪਣ ਵਾਲਾ ਫ਼ੀਤਾ ਨੁਕਰੇ ਦੇ ਦਰਵਾਜ਼ੇ ਤੋਂ ਸਿੱਧਾ ਗਾਰੇਬ ਦੀ ਪਹਾੜੀ ਤੀਕ ਅਤੇ ਫ਼ੇਰ ਮੁੜ ਕੇ ਗੋਆਹ ਨਾਮ ਦੀ ਥਾਂ ਤੱਕ ਫ਼ੈਲਾਇਆ ਜਾਵੇਗਾ। 40 ਉਹ ਸਾਰੀ ਵਾਦੀ ਜਿੱਥੇ ਮੁਰਦਾ ਸਰੀਰ ਅਤੇ ਅਸਬੀਆਂ ਸੁੱਟੀਆਂ ਜਾਂਦੀਆਂ ਹਨ, ਯਹੋਵਾਹ ਲਈ ਪਵਿੱਤਰ ਹੋਵੇਗੀ। ਅਤੇ ਉਸ ਵਿੱਚ ਕਿਦਰੋਨ ਵਾਦੀ ਦੇ ਹੇਠਾਂ ਤਕ ਫ਼ੈਲੇ ਪੌੜੀਦਾਰ ਖੇਤ ਘੋੜ ਦਰਵਾਜ਼ੇ ਦੇ ਕੋਨੇ ਤੀਕ, ਸ਼ਾਮਿਲ ਕੀਤੇ ਜਾਣਗੇ। ਸਾਰਾ ਖੇਤਰ ਯਹੋਵਾਹ ਲਈ ਪਵਿੱਤਰ ਹੋਵੇਗਾ। ਯਰੂਸ਼ਲਮ ਦਾ ਸ਼ਹਿਰ ਫ਼ੇਰ ਕਦੇ ਵੀ ਢਾਹਿਆ ਜਾਂ ਤਬਾਹ ਨਹੀਂ ਕੀਤਾ ਜਾਵੇਗਾ।”
2010 by Bible League International