ਯਸਾਯਾਹ 11
Punjabi Bible: Easy-to-Read Version
ਅਮਨ ਦਾ ਰਾਜਾ ਆ ਰਿਹਾ ਹੈ
11 ਇੱਕ ਛੋਟਾ ਰੁੱਖ (ਬੱਚਾ) ਯੱਸੀ ਦੇ ਮੁੱਢੇ (ਪਰਿਵਾਰ) ਵਿੱਚੋਂ ਉੱਗਣਾ ਸ਼ੁਰੂ ਹੋ ਜਾਵੇਗਾ। ਉਹ ਸ਼ਾਖ ਯੱਸੀ ਦੀਆਂ ਜਢ਼ਾਂ ਤੋਂ ਉੱਗੇਗੀ। 2 ਯਹੋਵਾਹ ਦਾ ਆਤਮਾ ਉਸ ਬੱਚੇ ਵਿੱਚ ਹੋਵੇਗੀ। ਆਤਮਾ ਸਿਆਣਪ, ਸਮਝਦਾਰੀ, ਅਗਵਾਈ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ। ਅਤੇ ਆਤਮਾ ਇਸ ਬੱਚੇ ਦੀ ਸਹਾਇਤਾ ਕਰੇਗਾ ਉਸ ਨੂੰ ਜਾਣੇਗਾ ਅਤੇ ਯਹੋਵਾਹ ਦਾ ਆਦਰ ਕਰੇਗਾ।
3 ਇਹ ਬੱਚਾ ਡਰੇਗਾ ਅਤੇ ਯਹੋਵਾਹ ਦੀ ਇੱਜ਼ਤ ਕਰੇਗਾ, ਅਤੇ ਇਹ ਉਸ ਨੂੰ ਉਸ ਆਧਾਰ ਤੇ ਨਿਆਂ ਨਾ ਕਰਨ ਲਈ ਪ੍ਰੇਰੇਗਾ ਜੋ ਉਹ ਵੇਖਦਾ ਹੈ ਜਾਂ ਜੋ ਉਹ ਸੁਣਦਾ। 4-5 ਉਹ ਗਰੀਬ ਲੋਕਾਂ ਨਾਲ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਨਿਆਂ ਕਰੇਗਾ। ਜਦੋਂ ਉਹ ਧਰਤੀ ਦੇ ਗਰੀਬ ਲੋਕਾਂ ਲਈ ਕੁਝ ਕਰਨ ਦਾ ਨਿਆਂ ਕਰੇਗਾ ਤਾਂ ਬੇਲਾਗ ਹੋਵੇਗਾ। ਜੇ ਉਹ ਇਹ ਨਿਆਂ ਕਰਦਾ ਹੈ ਕਿ ਉਨ੍ਹਾਂ ਨੂੰ ਮਾਰ ਪੈਣੀ ਚਾਹੀਦੀ ਹੈ ਫ਼ੇਰ ਉਹ ਆਦੇਸ਼ ਦੇਵੇਗਾ ਤੇ ਉਨ੍ਹਾਂ ਲੋਕਾਂ ਨੂੰ ਮਾਰ ਪਵੇਗੀ। ਜੇ ਉਹ ਇਹ ਨਿਆਂ ਕਰਦਾ ਹੈ ਕਿ ਲੋਕਾਂ ਨੂੰ ਮਰਨਾ ਚਾਹੀਦਾ ਹੈ, ਤਾਂ ਉਹ ਆਦੇਸ਼ ਦੇਵੇਗਾ ਅਤੇ ਮੰਦੇ ਲੋਕ ਮਾਰੇ ਜਾਣਗੇ। ਨੇਕੀ ਅਤੇ ਨਿਰਪੱਖਤਾ ਇਸ ਬੱਚੇ ਨੂੰ ਸ਼ਕਤੀ ਦੇਵੇਗੀ। ਇਹ ਚੀਜ਼ਾਂ ਉਸ ਦੇ ਕਮਰ ਕਸੇ ਵਾਂਗ ਹੋਣਗੀਆਂ।
6 ਉਸ ਸਮੇਂ ਬਘਿਆੜ ਵੀ ਲੇਲਿਆਂ ਨਾਲ ਸ਼ਾਂਤੀ ਨਾਲ ਰਹਿਣਗੇ। ਅਤੇ ਸ਼ੇਰ ਵੀ ਬੱਕਰੀਆਂ ਕੋਲ ਸ਼ਾਂਤੀ ਨਾਲ ਲੇਟੇ ਹੋਣਗੇ। ਵੱਛੇ, ਸ਼ੇਰ ਅਤੇ ਬਲਦ ਆਪਸ ਵਿੱਚ ਸ਼ਾਂਤੀ ਨਾਲ ਰਹਿਣਗੇ। ਇੱਕ ਛੋਟਾ ਬੱਚਾ ਉਨ੍ਹਾਂ ਦੀ ਅਗਵਾਈ ਕਰੇਗਾ। 7 ਗਾਵਾਂ ਅਤੇ ਰਿੱਛ ਪਸਪਰ ਸ਼ਾਂਤੀ ਨਾਲ ਰਹਿਣਗੇ। ਉਨ੍ਹਾਂ ਦੇ ਸਾਰੇ ਬੱਚੇ ਇਕੱਠੇ ਲੇਟੇ ਹੋਣਗੇ ਅਤੇ ਇੱਕ ਦੂਸਰੇ ਨੂੰ ਕੋਈ ਨੁਕਸਾਨ ਨਹੀਂ ਪੁਚਾਣਗੇ। ਸ਼ੇਰ ਗਾਵਾਂ ਵਾਂਗ ਘਾਹ ਖਾਣਗੇ। 8 ਇੱਕ ਬੱਚਾ ਵੀ ਫ਼ਨੀਅਰ ਸੱਪ ਦੀ ਖੱਡ ਕੋਲ ਖੇਡ ਸੱਕੇਗਾ। ਬੱਚਾ ਜ਼ਹਿਰੀਲੇ ਸੱਪ ਦੀ ਖੱਡ ਵਿੱਚ ਆਪਣਾ ਹੱਥ ਪਾ ਸੱਕੇਗਾ।
9 ਇਹ ਸਾਰੀਆਂ ਗੱਲਾਂ ਇਹ ਦਰਸਾਉਂਦੀਆਂ ਹਨ ਕਿ ਇੱਥੇ ਸ਼ਾਂਤੀ ਹੋਵੇਗੀ-ਕੋਈ ਬੰਦਾ ਵੀ ਕਿਸੇ ਦੂਸਰੇ ਨੂੰ ਨੁਕਸਾਨ ਨਹੀਂ ਪੁਚਾਵੇਗਾ। ਮੇਰੇ ਪਵਿੱਤਰ ਪਰਬਤ ਦੇ ਲੋਕ ਚੀਜ਼ਾਂ ਨੂੰ ਤਬਾਹ ਕਰਨਾ ਨਹੀਂ ਲੋਚਣਗੇ। ਕਿਉਂ ਕਿ ਲੋਕ ਸੱਚਮੁੱਚ ਯਹੋਵਾਹ ਨੂੰ ਜਾਣ ਲੈਣਗੇ। ਉਨ੍ਹਾਂ ਅੰਦਰ ਉਸਦਾ ਪੂਰਾ ਗਿਆਨ ਹੋਵੇਗਾ ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੁੰਦਾ ਹੈ।
10 ਉਸ ਸਮੇਂ, ਉੱਥੇ ਯੱਸੀ ਦੇ ਪਰਿਵਾਰ ਦਾ ਇੱਕ ਖਾਸ ਵਿਅਕਤੀ ਹੋਵੇਗਾ। ਇਹ ਬੰਦਾ ਇੱਕ ਝੰਡੇ ਵਰਗਾ ਹੋਵੇਗਾ। ਇਹ “ਝੰਡਾ” ਸਮੂਹ ਕੌਮਾਂ ਨੂੰ ਇਹ ਦਰਸਾਏਗਾ ਕਿ ਉਨ੍ਹਾਂ ਨੂੰ ਉਸ ਦੇ ਆਲੇ-ਦੁਆਲੇ ਇੱਕਤ੍ਰ ਹੋ ਜਾਣਾ ਚਾਹੀਦਾ ਹੈ। ਕੌਮਾਂ ਉਸ ਕੋਲੋਂ ਪੁੱਛਣਗੀਆਂ ਕਿ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਅਤੇ ਉਹ ਸਥਾਨ ਜਿੱਥੇ ਉਹ ਰਹਿੰਦਾ ਹੈ, ਪਰਤਾਪ ਨਾਲ ਭਰ ਜਾਵੇਗਾ।
11 ਉਸ ਸਮੇਂ, ਮੇਰਾ ਪ੍ਰਭੂ ਫ਼ੇਰ ਇੱਕ ਵਾਰੀ ਉਨ੍ਹਾਂ ਲੋਕਾਂ ਕੋਲੋ ਪਹੁੰਚੇਗਾ ਜਿਹੜੇ ਪਿੱਛੇ ਰਹਿ ਗਏ ਹਨ। ਅਜਿਹਾ ਦੂਸਰੀ ਵਾਰ ਹੋਵੇਗਾ ਜਦੋਂ ਪਰਮੇਸ਼ੁਰ ਨੇ ਅਜਿਹੀ ਗੱਲ ਕੀਤੀ ਹੈ। ਇਹ ਪਰਮੇਸ਼ੁਰ ਦੇ ਉਹ ਲੋਕ ਹਨ ਜਿਹੜੇ ਅੱਸ਼ੂਰ, ਉੱਤਰੀ ਮਿਸਰ, ਦੱਖਣੀ ਮਿਸਰ, ਇਥੋਮੀਆ, ਏਲਾਮ, ਬਾਬਲ, ਹਮਾਬ ਅਤੇ ਦੁਨੀਆਂ ਦੇ ਸਾਰੇ ਦੂਰ ਦੁਰਾਡੇ ਦੇਸ਼ਾਂ ਵਿੱਚ ਬਚੇ ਹੋਏ ਹਨ। 12 ਪਰਮੇਸ਼ੁਰ ਇਸ ਝੰਡੇ ਨੂੰ ਸਮੂਹ ਲੋਕਾਂ ਲਈ ਇੱਕ ਸੰਕੇਤ ਵਜੋਂ ਉੱਚਾ ਕਰੇਗਾ। ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨੂੰ ਆਪਣਾ ਦੇਸ਼ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ। ਲੋਕ ਧਰਤੀ ਦੇ ਦੂਰ ਦੁਰਾਡੇ ਦੇਸ਼ਾਂ ਵਿੱਚ ਖਿਲਰ ਗਏ ਸਨ। ਪਰ ਪਰਮੇਸ਼ੁਰ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰੇਗਾ।
13 ਉਸ ਸਮੇਂ, ਇਫ਼ਰਾਈਮ ਯਹੂਦਾਹ ਨਾਲ ਈਰਖਾ ਨਹੀਂ ਕਰੇਗਾ। ਯਹੂਦਾਹ ਦੇ ਕੋਈ ਦੁਸ਼ਮਣ ਨਹੀਂ ਹੋਣਗੇ ਯਹੂਦਾਹ ਇਫ਼ਰਾਈਮ ਨੂੰ ਦੁੱਖ ਨਹੀਂ ਦੇਵੇਗਾ। 14 ਪਰ ਇਫ਼ਰਾਈਮ ਅਤੇ ਯਹੂਦਾਹ ਫ਼ਿਲਸਤੀਨੀਆਂ ਉੱਤੇ ਹਮਲਾ ਕਰਨਗੇ।ਉਹ ਇਕੱਠੇ ਪੂਰਬੀਆਂ ਦੀ ਦੌਲਤ ਲੁੱਟਣਗੇ। ਇਫ਼ਰਾਈਮ ਅਤੇ ਯਹੂਦਾਹ, ਅਦੋਮ, ਮੋਆਬ ਅਤੇ ਅੰਮੋਨ ਦੇ ਲੋਕਾਂ ਉੱਤੇ ਹਕੂਮਤ ਕਰਨਗੇ।
15 ਯਹੋਵਾਹ ਕਹਿਰਵਾਨ ਹੋ ਗਿਆ ਅਤੇ ਉਸ ਨੇ ਮਿਸਰ ਦੇ ਸਮੁੰਦਰ ਨੂੰ ਵੰਡ ਦਿੱਤਾ। ਉਸੇ ਤਰ੍ਹਾਂ, ਯਹੋਵਾਹ ਫ਼ਰਾਤ ਨਦੀ ਉੱਤੇ ਆਪਣੀ ਬਾਂਹ ਲਹਿਰਾਏਗਾ। ਉਹ ਨਦੀ ਉੱਤੇ ਵਾਰ ਕਰੇਗਾ ਅਤੇ ਨਦੀ ਸੱਤ ਛੋਟੇ ਨਾਲਿਆਂ ਵਿੱਚ ਵੰਡੀ ਜਾਵੇਗੀ। ਇਹ ਛੋਟੀਆਂ ਨਦੀਆਂ ਡੂੰਘੀਆਂ ਨਹੀਂ ਹੋਣਗੀਆਂ ਲੋਕੀਂ ਇਨ੍ਹਾਂ ਨਦੀਆਂ ਨੂੰ ਜੁੱਤੀਆਂ ਸਮੇਤ ਪਾਰ ਕਰ ਸੱਕਿਆ ਕਰਨਗੇ। 16 ਪਰਮੇਸ਼ੁਰ ਦੇ ਉਹ ਲੋਕ ਜਿਹੜੇ ਬਚ ਗਏ ਹਨ, ਅੱਸ਼ੂਰ ਵਿੱਚੋਂ ਨਿਕਲਣ ਦਾ ਰਾਹ ਲੱਭ ਲੈਣਗੇ। ਇਹ ਸਮਾਂ ਉਹੋ ਜਿਹਾ ਹੋਵੇਗਾ ਜਦੋਂ ਪਰਮੇਸ਼ੁਰ ਲੋਕਾਂ ਨੂੰ ਮਿਸਰ ਤੋਂ ਬਾਹਰ ਲੈ ਗਿਆ ਸੀ।
2010 by Bible League International