ਪਰਕਾਸ਼ ਦੀ ਪੋਥੀ 9
Punjabi Bible: Easy-to-Read Version
ਪੰਜਵਾਂ ਬਿਗਲ ਪਹਿਲਾ ਆਤੰਕ ਸ਼ੁਰੂ ਕਰਦਾ ਹੈ
9 ਪੰਜਵੇਂ ਦੂਤ ਨੇ ਅਪਣਾ ਬਿਗਲ ਵਜਾਇਆ। ਫ਼ੇਰ ਮੈਂ ਅਕਾਸ਼ ਤੋਂ ਟੁੱਟਕੇ ਧਰਤੀ ਉੱਤੇ ਡਿੱਗਦੇ ਹੋਏ ਤਾਰੇ ਨੂੰ ਦੇਖਿਆ। ਤਾਰੇ ਨੂੰ ਉਸ ਡੂੰਘੇ ਸੁਰਾਖ ਦੀ ਕੁੰਜੀ ਦਿੱਤੀ ਹੋਈ ਸੀ ਜੋ ਥੱਲੇ ਤਲਹੀਣ ਖੱਡ ਨੂੰ ਜਾਂਦਾ ਸੀ। 2 ਫ਼ੇਰ ਤਾਰੇ ਨੇ ਉਸ ਡੂੰਘੇ ਸੁਰਾਖ ਨੂੰ ਖੋਲ੍ਹਿਆ ਜਿਹੜਾ ਤਲਹੀਣ ਖੱਡ ਵੱਲ ਜਾਂਦਾ ਸੀ। ਸੁਰਾਖ ਵਿੱਚੋਂ ਧੂੰਆਂ ਇੰਝ ਬਾਹਰ ਆਇਆ ਜਿਵੇਂ ਕਿ ਇਹ ਵੱਡੀ ਭੱਠੀ ਵਿੱਚੋਂ ਨਿਕਲ ਰਿਹਾ ਹੋਵੇ। ਸੁਰਾਖ ਵਿੱਚੋਂ ਨਿਕਲਦੇ ਧੂੰਏ ਕਾਰਣ ਸੂਰਜ ਅਤੇ ਅਕਾਸ਼ ਤੇ ਹਨੇਰਾ ਛਾ ਗਿਆ।
3 ਫ਼ੇਰ ਧੂੰਏ ਵਿੱਚੋਂ ਹੇਠਾਂ ਧਰਤੀ ਤੇ ਸਲਾ ਦੇ ਟਿੱਡੀਆਂ ਦਾ ਇੱਕ ਦਲ ਆਇਆ। ਜਿਨ੍ਹਾਂ ਕੋਲ ਬਿੱਛੂਆਂ ਵਾਂਗ ਡੰਗ ਮਾਰਨ ਦੀ ਸ਼ਕਤੀ ਸੀ। 4 ਇਨ੍ਹਾਂ ਟਿੱਡੀਆਂ ਨੂੰ ਧਰਤੀ ਦੇ ਘਾਹ, ਜਾਂ ਕਿਸੇ ਬੂਟੇ ਜਾਂ ਕਿਸੇ ਵੀ ਰੁੱਖ ਨੂੰ ਨੁਕਸਾਨ ਨਾ ਪਹੁੰਚਾਣ ਲਈ ਕਿਹਾ ਗਿਆ ਸੀ। ਉਹ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਨੁਕਸਾਨ ਪਹੁੰਚਾ ਸੱਕਦੀਆਂ ਸਨ ਜਿਨ੍ਹਾਂ ਦੇ ਮੱਥਿਆਂ ਉੱਤੇ ਪਰਮੇਸ਼ੁਰ ਦਾ ਨਿਸ਼ਾਨ ਨਹੀਂ ਸੀ। 5 ਇਨ੍ਹਾਂ ਟਿੱਡੀਆਂ ਨੂੰ ਲੋਕਾਂ ਉੱਤੇ ਪੰਜਾਂ ਮਹੀਨਿਆਂ ਤੱਕ ਦਰਦ ਲਿਆਉਣ ਦਾ ਕਾਰਣ ਬਣਨ ਦੀ ਸ਼ਕਤੀ ਦਿੱਤੀ ਗਈ ਸੀ। ਟਿੱਡੀਆਂ ਨੂੰ ਲੋਕਾਂ ਨੂੰ ਮਾਰਨ ਦੀ ਸ਼ਕਤੀ ਨਹੀਂ ਸੀ ਦਿੱਤੀ ਗਈ। ਅਤੇ ਉਹ ਪੀੜ ਜਿਹੜੀ ਲੋਕਾਂ ਨੇ ਮਹਿਸੂਸ ਕੀਤੀ ਉਸੇ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਦੀ ਪੀੜ ਕਿਸੇ ਵਿਅਕਤੀ ਨੂੰ ਬਿਛੂ ਦੇ ਡੰਗਣ ਨਾਲ ਹੁੰਦੀ ਹੈ। 6 ਉਨ੍ਹਾਂ ਦਿਨਾਂ ਵਿੱਚ, ਲੋਕ ਮਰਨ ਲਈ ਕੋਈ ਰਾਹ ਲੱਭਣਗੇ ਪਰ ਉਨ੍ਹਾਂ ਨੂੰ ਇੱਕ ਵੀ ਰਾਹ ਨਹੀਂ ਮਿਲੇਗਾ। ਉਹ ਮਰਨਾ ਚਾਹੁੰਣਗੇ ਪਰ ਮੌਤ ਉਨ੍ਹਾਂ ਪਾਸੋਂ ਛੁੱਪ ਜਾਵੇਗੀ।
7 ਟਿੱਡੀਆਂ ਉਨ੍ਹਾਂ ਘੋੜਿਆਂ ਵਾਂਗ ਦਿਖਾਈ ਦੇ ਰਹੇ ਸਨ ਜੋ ਯੁੱਧ ਲਈ ਤਿਆਰ ਸਨ। ਉਨ੍ਹਾਂ ਨੇ ਆਪਣੇ ਸਿਰਾਂ ਉੱਤੇ ਸੋਨੇ ਦੇ ਤਾਜ ਵਾਂਗ ਲੱਗਦੀਆਂ ਚੀਜ਼ਾਂ ਪਹਿਨੀਆਂ ਹੋਈਆਂ ਸਨ। ਉਨ੍ਹਾਂ ਦੇ ਚਿਹਰੇ ਇਨਸਾਨੀ ਚਿਹਰਿਆਂ ਵਰਗੇ ਦਿਖਾਈ ਦਿੰਦੇ ਸਨ। 8 ਉਨ੍ਹਾਂ ਦੇ ਵਾਲ ਔਰਤ ਦੇ ਵਾਲਾਂ ਵਰਗੇ ਸਨ। ਉਨ੍ਹਾਂ ਦੇ ਦੰਦ ਸ਼ੇਰਾਂ ਦੇ ਦੰਦਾਂ ਵਰਗੇ ਸਨ। 9 ਉਨ੍ਹਾਂ ਦੀਆਂ ਛਾਤੀਆਂ ਲੋਹੇ ਦੀਆਂ ਢਾਲਾਂ ਵਰਗੀਆਂ ਨਜ਼ਰ ਆਈਆਂ। ਉਨ੍ਹਾਂ ਦੇ ਖੰਭਾਂ ਤੋਂ ਇੱਕ ਅਵਾਜ਼ ਪੈਦਾ ਹੋਈ ਜਿਵੇਂ ਕਿ ਬਹੁਤ ਸਾਰੇ ਘੋੜੇ ਅਤੇ ਰੱਥ ਯੁੱਧ ਵਿੱਚ ਭੱਜ ਰਹੇ ਹੋਣ। 10 ਟਿੱਡੀਆਂ ਦੀਆਂ ਪੂਛਾਂ ਬਿਛੂਆਂ ਵਾਂਗ ਡੰਗਣ ਵਾਲੀਆਂ ਸਨ। ਲੋਕਾਂ ਉੱਤੇ ਪੰਜਾਂ ਮਹੀਨਿਆਂ ਲਈ ਦਰਦ ਪਾਉਣ ਵਾਲੀ ਸ਼ਕਤੀ ਉਨ੍ਹਾਂ ਦੀਆਂ ਪੂਛਾਂ ਵਿੱਚ ਸੀ। 11 ਟਿੱਡੀਆਂ ਦਾ ਇੱਕ ਰਾਜਾ ਸੀ। ਇਹ ਤਲਹੀਣ ਖੱਡ ਦਾ ਦੂਤ ਸੀ। ਉਸਦਾ ਨਾਮ ਇਬਰਾਨੀ ਭਾਸ਼ਾ ਵਿੱਚ ਅਬੱਦੋਨ ਹੈ। ਯੂਨਾਨੀ ਭਾਸ਼ਾ ਵਿੱਚ ਉਸਦਾ ਨਾਮ ਅਪੁਲੂਉਨ (ਵਿਨਾਸ਼ਕ) ਹੈ।
12 ਪਹਿਲੀ ਵੱਡੀ ਮੁਸੀਬਤ ਮੁੱਕ ਚੁੱਕੀ ਹੈ ਪਰ ਬਾਕੀ ਦੀਆਂ ਦੋ ਮੁਸੀਬਤਾਂ ਹਾਲੇ ਆਉਣ ਵਾਲੀਆਂ ਹਨ।
ਛੇਵੇਂ ਬਿਗਲ ਦਾ ਧਮਾਕਾ
13 ਛੇਵੇਂ ਦੂਤ ਨੇ ਆਪਣਾ ਬਿਗਲ ਵਜਾਇਆ। ਫ਼ੇਰ ਮੈਂ ਪਰਮੇਸ਼ੁਰ ਦੇ ਸਾਹਮਣੇ ਰੱਖੇ ਹੋਏ ਸੋਨੇ ਦੀ ਜਗਵੇਦੀ ਦੇ ਛੇ ਸਿੰਗਾਂ ਵਿੱਚੋਂ ਇੱਕ ਅਵਾਜ਼ ਨਿਕਲਦੀ ਸੁਣੀ। 14 ਆਵਾਜ਼ ਨੇ ਉਸ ਛੇਵੇਂ ਦੂਤ ਨੂੰ, ਜਿਸਦੇ ਕੋਲ ਬਿਗਲ ਸੀ, ਆਖਿਆ, “ਉਨ੍ਹਾਂ ਚਾਰ ਦੂਤਾਂ ਨੂੰ ਅਜ਼ਾਦ ਕਰ ਦਿਉ ਜਿਹੜੇ ਮਹਾਂ ਨਦੀ ਫ਼ਰਾਤ ਉੱਪਰ ਬੰਨ੍ਹੇ ਹੋਏ ਹਨ।” 15 ਇਨ੍ਹਾਂ ਚਾਰ ਦੂਤਾਂ ਨੂੰ ਇਸੇ ਸਾਲ, ਮਹੀਨੇ, ਦਿਨ ਅਤੇ ਘੰਟੇ (ਸਮੇਂ) ਲਈ ਤਿਆਰ ਕਰਕੇ ਰੱਖਿਆ ਗਿਆ ਸੀ। ਇਨ੍ਹਾਂ ਦੂਤਾਂ ਨੂੰ ਧਰਤੀ ਉਤਲੇ ਸਾਰੇ ਲੋਕਾਂ ਵਿੱਚੋਂ ਇੱਕ ਤਿਹਾਈ ਨੂੰ ਮਾਰ ਮੁਕਾਉਣ ਲਈ ਅਜ਼ਾਦ ਕੀਤਾ ਗਿਆ ਸੀ। 16 ਮੈ ਸੁਣਿਆ ਉਨ੍ਹਾਂ ਦੀ ਫ਼ੌਜ ਵਿੱਚ ਘੋੜਿਆਂ ਦੀਆਂ ਕਿੰਨੀਆਂ ਟੋਲੀਆਂ ਸਨ। ਇਹ ਵੀਹ ਕਰੋੜ ਸਨ।
17 ਆਪਣੇ ਦਰਸ਼ਨ ਵਿੱਚ ਮੈ ਇਵੇਂ ਹੀ ਘੋੜਿਆਂ ਅਤੇ ਘੋੜ ਸਵਾਰਾਂ ਨੂੰ ਦੇਖਿਆ; ਉਨ੍ਹਾਂ ਕੋਲ ਢਾਲਾਂ ਸਨ ਜੋ ਕਿ ਅੰਗਿਆਰਾਂ ਵਰਗੀਆਂ ਲਾਲ ਗੂੜੇ ਨੀਲੇ ਅਤੇ ਗੰਧਕ ਵਰਗੇ ਪੀਲੇ ਰੰਗ ਦੀਆਂ ਸਨ। ਘੋੜਿਆਂ ਦੇ ਮੂੰਹ ਸ਼ੇਰਾਂ ਦੇ ਮੂੰਹਾਂ ਵਰਗੇ ਸਨ। ਘੋੜਿਆਂ ਦੇ ਮੂੰਹਾਂ ਵਿੱਚੋਂ ਅੱਗ, ਧੂਂਆਂ ਅਤੇ ਗੰਧਕ ਨਿਕਲ ਰਹੀ ਸੀ। 18 ਇਨ੍ਹਾਂ ਤਿੰਨਾਂ ਮੁਸ਼ਕਿਲਾਂ ਦੁਆਰਾ; ਘੋੜਿਆਂ ਦੇ ਮੂੰਹਾਂ ਵਿੱਚੋਂ ਨਿਕਲਦੀ ਅੱਗ, ਧੂਂਏ ਅਤੇ ਗੰਧਕ ਨਾਲ, ਧਰਤੀ ਦੇ ਇੱਕ ਤਿਹਾਈ ਲੋਕ ਮਰ ਗਏ। 19 ਘੋੜਿਆਂ ਦੀ ਸ਼ਕਤੀ ਉਨ੍ਹਾਂ ਦੇ ਮੂੰਹਾਂ ਵਿੱਚ ਅਤੇ ਪੂਛਾਂ ਵਿੱਚ ਸੀ। ਉਨ੍ਹਾਂ ਦੀਆਂ ਪੂਛਾਂ ਉਨ੍ਹਾਂ ਸੱਪਾਂ ਵਰਗੀਆਂ ਸਨ ਜਿਨ੍ਹਾਂ ਦੇ ਸਿਰ ਲੋਕਾਂ ਨੂੰ ਡੰਗਣ ਅਤੇ ਨੁਕਸਾਨ ਪਹੁੰਚਾਉਣ ਲਈ ਹੁੰਦੇ ਹਨ।
20 ਧਰਤੀ ਉਤਲੇ ਬਾਕੀ ਲੋਕ ਇਨ੍ਹਾਂ ਮੁਸ਼ਕਿਲਾਂ ਕਾਰਣ ਨਹੀਂ ਮਰੇ। ਪਰ ਹਾਲੇ ਵੀ ਇਨ੍ਹਾਂ ਲੋਕਾਂ ਨੇ ਆਪਣੇ ਦਿਲ ਅਤੇ ਜੀਵਨ ਨਹੀਂ ਬਦਲੇ ਅਤੇ ਆਪਣੇ ਹੀ ਹੱਥਾਂ ਦੁਆਰਾ ਬਣਾਈਆਂ ਚੀਜ਼ਾਂ ਤੋਂ ਦੂਰ ਹੋ ਗਏ। ਉਨ੍ਹਾਂ ਨੂੰ ਸੋਨੇ, ਚਾਂਦੀ, ਪਿੱਤਲ, ਪੱਥਰ ਅਤੇ ਲੱਕੜ ਦੀਆਂ ਭੂਤਾਂ ਦੀ ਪੂਜਾ ਕਰਨੀ ਬੰਦ ਨਹੀਂ ਕੀਤੀ। ਇਹ ਮੂਰਤਾਂ ਨਾ ਵੇਖ ਸੱਕਦੀਆਂ ਸਨ ਅਤੇ ਨਾ ਹੀ ਸੁਣ ਅਤੇ ਨਾਹੀ ਤੁਰ ਸੱਕਦੀਆਂ ਸਨ। 21 ਇਨ੍ਹਾਂ ਲੋਕਾਂ ਨੇ ਆਪਣੇ ਦਿਲ ਅਤੇ ਆਪਣੇ ਜੀਵਨ ਨਹੀਂ ਬਦਲੇ, ਅਤੇ ਨਾ ਹੀ ਆਪਣੇ ਕਤਲਾਂ ਤੋਂ, ਜਾਦੂਆਂ ਤੋਂ, ਆਪਣੇ ਜਿਨਸੀ ਪਾਪਾਂ ਤੋਂ ਤੇ ਨਾ ਹੀ ਉਨ੍ਹਾਂ ਚੋਰੀਆਂ ਤੋਂ ਆਪਣੇ ਆਪ ਨੂੰ ਮੋੜਿਆ।
2010 by Bible League International