ਜ਼ਬੂਰ 108
Punjabi Bible: Easy-to-Read Version
ਦਾਊਦ ਦਾ ਇੱਕ ਉਸਤਤਿ ਗੀਤ।
108 ਹੇ ਪਰਮੇਸ਼ੁਰ, ਮੈਂ ਤੁਹਾਡੀ ਉਸਤਤਿ ਦੇ ਗੀਤ ਗਾਉਣ ਲਈ
ਦਿਲ ਅਤੇ ਰੂਹ ਨਾਲ ਤਿਆਰ ਹਾਂ।
2 ਸਿਤਾਰ ਅਤੇ ਸਰੰਗੀ ਜਾਗੋ,
ਆਉ ਆਪਾਂ ਪ੍ਰਭਾਤ ਨੂੰ ਜਗਾਈਏ।
3 ਯਹੋਵਾਹ, ਅਸੀਂ ਕੌਮਾਂ ਅੰਦਰ ਤੁਹਾਡੀ ਉਸਤਤਿ ਕਰਾਂਗੇ।
ਅਸੀਂ ਹੋਰਾਂ ਲੋਕਾਂ ਵਿੱਚ ਤੁਹਾਡੀ ਉਸਤਤਿ ਕਰਾਂਗੇ।
4 ਯਹੋਵਾਹ, ਤੁਹਾਡਾ ਪਿਆਰ ਆਕਾਸ਼ਾਂ ਨਾਲੋਂ ਉੱਚਾ ਹੈ।
ਤੁਹਾਡੀ ਵਫ਼ਾ ਉੱਚੇ ਤੋਂ ਉੱਚੇ ਬੱਦਲ ਨਾਲੋਂ ਉਚੇਰੀ ਹੈ।
5 ਹੇ ਪਰਮੇਸ਼ੁਰ, ਸਵਰਗਾਂ ਦੇ ਸ਼ਿਖਰਾਂ ਤੱਕ ਉੱਠੋ
ਸਾਰੀ ਦੁਨੀਆਂ ਨੂੰ ਤੁਹਾਡੀ ਮਹਿਮਾ ਦੇਖਣ ਦੇਵੋ।
6 ਹੇ ਪਰਮੇਸ਼ੁਰ, ਇਸ ਤਰ੍ਹਾਂ ਹੀ ਕਰੋ ਤਾਂ ਜੋ ਤੁਹਾਡੇ ਮਿੱਤਰਾਂ ਨੂੰ ਬਚਾਇਆ ਜਾ ਸੱਕੇ।
ਮੇਰੀ ਪ੍ਰਾਰਥਨਾ ਮੰਨ ਲਵੋ, ਅਤੇ ਸਾਨੂੰ ਬਚਾਉਣ ਲਈ ਆਪਣੀ ਮਹਾ ਸ਼ਕਤੀ ਵਰਤੋਂ।
7 ਪਰਮੇਸ਼ੁਰ ਆਪਣੇ ਮੰਦਰ ਵਿੱਚ ਬੋਲਿਆ:
“ਮੈਂ ਯੁੱਧ ਜਿੱਤਾਂਗਾ ਅਤੇ ਜਿੱਤ ਬਾਰੇ ਪ੍ਰਸੰਨ ਹੋਵਾਂਗਾ!
ਮੈਂ ਇਹੀ ਧਰਤੀ ਆਪਣੇ ਲੋਕਾਂ ਦਰਮਿਆਨ ਵੰਡ ਦਿਆਂਗਾ।
ਮੈਂ ਉਨ੍ਹਾਂ ਨੂੰ ਸ਼ਕਮ ਦੇ ਦੇਵਾਂਗਾ,
ਮੈਂ ਉਨ੍ਹਾਂ ਨੂੰ ਸੁੱਕੋਥ ਦੀ ਵਾਦੀ ਦੇ ਦੇਵਾਂਗਾ।
8 ਗਿਲਆਦ ਅਤੇ ਮਨੱਸ਼ਹ ਮੇਰੇ ਹੋਣਗੇ।
ਇਫ਼ਰਾਈਮ ਮੇਰੇ ਸਿਰ ਦੀ ਢਾਲ ਹੋਵੇਗਾ।
ਯਹੂਦਾਹ ਮੇਰਾ ਸ਼ਾਹੀ ਡੰਡਾ ਹੋਵੇਗਾ।
9 ਮੋਆਬ ਮੇਰੇ ਚਰਨ ਧੋਣ ਲਈ ਪਿਆਲਾ ਹੋਣਗੇ।
ਅਦੋਮ ਮੇਰੀ ਜੁੱਤੀ ਚੁੱਕਣ ਲਈ ਮੇਰਾ ਸੇਵਕ ਹੋਵੇਗਾ।
ਮੈਂ ਫ਼ਲਿਸਤ ਨੂੰ ਹਰਾ ਦਿਆਂਗਾ ਅਤੇ ਜਿੱਤ ਦੇ ਨਾਅਰੇ ਮਾਰਾਂਗਾ।”
10-11 ਦੁਸ਼ਮਣ ਦੇ ਕਿਲ੍ਹੇ ਅੰਦਰ, ਮੇਰੀ ਅਗਵਾਈ ਕੌਣ ਕਰੇਗਾ?
ਅਦੋਮ ਦੇ ਖਿਲਾਫ਼ ਲੜਨ ਵਿੱਚ ਮੇਰੀ ਅਗਵਾਈ ਕੌਣ ਕਰੇਗਾ?
ਹੇ ਪਰਮੇਸ਼ੁਰ, ਕਿਰਪਾ ਕਰਕੇ ਦੁਸ਼ਮਣ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰੋ!
ਪਰ ਤੁਸੀਂ ਅਸਾਂ ਨੂੰ ਤਿਆਗ ਦਿੱਤਾ!
ਤੁਸੀਂ ਸਾਡੀ ਫ਼ੌਜ ਦੇ ਨਾਲ ਨਹੀਂ ਗਏ।
12 ਹੇ ਪਰਮੇਸ਼ੁਰ, ਕਿਰਪਾ ਕਰਕੇ ਦੁਸ਼ਮਣ ਦੀ ਫ਼ੌਜ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰੋ!
ਲੋਕ ਸਾਡੀ ਸਹਾਇਤਾ ਨਹੀਂ ਕਰ ਸੱਕਦੇ!
13 ਸਿਰਫ਼ ਪਰਮੇਸ਼ੁਰ ਹੀ ਸਾਨੂੰ ਬਲਵਾਨ ਬਣਾ ਸੱਕਦਾ ਹੈ।
ਪਰਮੇਸ਼ੁਰ ਹੀ ਸਾਡੇ ਦੁਸ਼ਮਣਾਂ ਨੂੰ ਹਰਾ ਸੱਕਦਾ ਹੈ!
2010 by Bible League International