ਜ਼ਬੂਰ 103
Punjabi Bible: Easy-to-Read Version
ਦਾਊਦ ਦਾ ਇੱਕ ਗੀਤ।
103 ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
ਮੇਰੇ ਜਿਸਮ ਦੇ ਸਾਰੇ ਅੰਗੋ, ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
2 ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਅਤੇ ਇਹ ਵੀ ਨਾ ਭੁੱਲੀ ਕਿ ਉਹ ਸੱਚਮੁੱਚ ਮਿਹਰਬਾਨ ਹੈ।
3 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਉਸੇ ਤਰ੍ਹਾਂ ਦਯਾਵਾਨ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਵਾਨ ਹੁੰਦਾ ਹੈ।
4 ਪਰਮੇਸ਼ੁਰ ਸਾਡੀ ਜਿੰਦ ਨੂੰ ਕਬਰ ਪਾਸੋਂ ਬਚਾਉਂਦਾ ਹੈ।
ਅਤੇ ਉਹ ਸਾਨੂੰ ਆਪਣਾ ਪਿਆਰ ਅਤੇ ਹਮਦਰਦੀ ਦਿੰਦਾ ਹੈ।
5 ਪਰਮੇਸ਼ੁਰ ਬਹੁਤ ਸਾਰੀਆਂ ਸ਼ੁਭ ਚੀਜ਼ਾਂ ਦਿੰਦਾ ਹੈ।
ਉਹ ਸਾਨੂੰ ਇੱਕ ਵਾਰੇ ਫ਼ੇਰ ਬਾਜ ਵਾਂਗ ਜਵਾਨ ਬਣਾ ਦਿੰਦਾ ਹੈ।
6 ਯਹੋਵਾਹ ਬੇਲਾਗ ਹੈ।
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਿਆਂ ਦਿੰਦਾ ਹੈ ਜਿਨ੍ਹਾਂ ਨੂੰ ਹੋਰ ਲੋਕਾਂ ਨੇ ਦੁੱਖ ਦਿੱਤੇ ਹਨ।
7 ਪਰਮੇਸ਼ੁਰ ਨੇ ਮੂਸਾ ਨੂੰ ਆਪਣੇ ਨੇਮ ਸਿੱਖਾਏ।
ਪਰਮੇਸ਼ੁਰ ਨੇ ਇਸਰਾਏਲ ਨੂੰ ਦਿਖਾ ਦਿੱਤਾ ਕਿ ਉਹ ਕਿੰਨੀਆਂ ਸ਼ਕਤੀਸ਼ਾਲੀ ਗੱਲਾਂ ਕਰ ਸੱਕਦਾ ਹੈ।
8 ਯਹੋਵਾਹ ਦਯਾਵਾਨ ਅਤੇ ਰਹਿਮ ਕਰਨ ਵਾਲਾ ਹੈ।
ਉਹ ਧੀਰਜ ਅਤੇ ਪਿਆਰ ਨਾਲ ਭਰਪੂਰ ਹੈ।
9 ਯਹੋਵਾਹ ਸਦਾ ਨੁਕਤਾਚੀਨੀ ਨਹੀਂ ਕਰਦਾ ਪਰਮੇਸ਼ੁਰ ਸਾਡੇ ਉੱਤੇ ਸਦਾ ਕ੍ਰੋਧਵਾਨ ਨਹੀਂ ਰਹਿੰਦਾ।
10 ਅਸੀਂ ਪਰਮੇਸ਼ੁਰ ਦੇ ਵਿਰੁੱਧ ਗੁਨਾਹ ਕੀਤੇ
ਪਰ ਉਸ ਨੇ ਸਾਨੂੰ ਦੰਡ ਨਹੀਂ ਦਿੱਤਾ ਜਿਸਦੇ ਅਸੀਂ ਅਧਿਕਾਰੀ ਸਾਂ।
11 ਪਰਮੇਸ਼ੁਰ ਦਾ ਆਪਣੇ ਚੇਲਿਆਂ ਲਈ ਪਿਆਰ ਸਾਡੇ ਨਾਲੋਂ ਇੰਨਾ ਉੱਚਾ ਹੈ
ਜਿੰਨਾ ਧਰਤੀ ਕੋਲੋਂ ਅਕਾਸ਼ ਉੱਚਾ ਹੈ।
12 ਅਤੇ ਪਰਮੇਸ਼ੁਰ ਨੇ ਸਾਡੇ ਗੁਨਾਹ ਇੰਨੇ ਦੂਰ ਸੁੱਟ ਦਿੱਤੇ ਹਨ
ਜਿੰਨਾ ਪੱਛਮ ਪੂਰਬ ਤੋਂ ਦੂਰ ਹੈ।
13 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਉਸੇ ਤਰ੍ਹਾਂ ਦਿਆਲੂ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਲੂ ਹੁੰਦਾ ਹੈ।
14 ਪਰਮੇਸ਼ੁਰ ਸਾਡੇ ਬਾਰੇ ਸਭ ਕੁਝ ਜਾਣਦਾ ਹੈ।
ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਖਾਕ ਤੋਂ ਸਾਜੇ ਗਏ ਸਾਂ।
15 ਪਰਮੇਸ਼ੁਰ ਜਾਣਦਾ ਹੈ ਕਿ ਸਾਡੀਆਂ ਜ਼ਿੰਦਗੀਆਂ ਛੋਟੀਆਂ ਹਨ।
ਉਹ ਜਾਣਦਾ ਹੈ ਕਿ ਸਾਡੀਆਂ ਉਮਰਾਂ ਘਾਹ ਵਰਗੀਆਂ ਹਨ।
16 ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਇੱਕ ਨਿੱਕੇ ਜੰਗਲੀ ਫ਼ੁੱਲ ਵਰਗੇ ਹਾਂ, ਉਹ ਫ਼ੁੱਲ ਬਹੁਤ ਛੇਤੀ ਉੱਗਦਾ ਹੈ।
ਫ਼ੇਰ ਗਰਮ ਹਵਾ ਵੱਗਦੀ ਹੈ ਅਤੇ ਉਹ ਫ਼ੁੱਲ ਮਰ ਜਾਂਦਾ ਹੈ।
ਛੇਤੀ ਹੀ, ਤੁਸੀਂ ਇਹ ਵੀ ਨਹੀਂ ਦੱਸ ਸੱਕੋਂਗੇ ਕਿ ਫ਼ੁੱਲ ਕਿੱਥੇ ਉੱਗਿਆ ਸੀ।
17 ਪਰ ਯਹੋਵਾਹ ਨੇ ਸਦਾ ਆਪਣੇ ਅਨੁਯਾਈਆਂ ਨੂੰ ਪਿਆਰ ਕੀਤਾ ਹੈ।
ਅਤੇ ਉਹ ਸਦਾ-ਸਦਾ ਲਈ ਆਪਣੇ ਅਨੁਯਾਈਆਂ ਨੂੰ ਪਿਆਰ ਕਰਦਾ ਰਹੇਗਾ।
ਪਰਮੇਸ਼ੁਰ ਉਨ੍ਹਾਂ ਦੇ ਬੱਚਿਆਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦੇ ਬੱਚਿਆਂ ਦਾ ਭਲਾ ਕਰੇਗਾ।
18 ਪਰਮੇਸ਼ੁਰ ਉਨ੍ਹਾਂ ਲੋਕਾਂ ਦਾ ਭਲਾ ਕਰਦਾ ਹੈ ਜਿਹੜੇ ਉਸ ਦੇ ਕਰਾਰ ਉੱਤੇ ਚੱਲਦੇ ਹਨ।
ਪਰਮੇਸ਼ੁਰ ਉਨ੍ਹਾਂ ਲੋਕਾਂ ਦਾ ਭਲਾ ਕਰਦਾ ਹੈ ਜਿਹੜੇ ਉਸ ਦੇ ਹੁਕਮ ਮੰਨਦੇ ਹਨ।
19 ਪਰਮੇਸ਼ੁਰ ਦਾ ਤਖਤ ਸਵਰਗਾਂ ਵਿੱਚ ਹੈ।
ਅਤੇ ਉਹ ਹਰ ਸ਼ੈਅ ਉੱਤੇ ਰਾਜ ਕਰਦਾ ਹੈ।
20 ਹੇ ਦੂਤੋਂ, ਯਹੋਵਾਹ ਦੀ ਉਸਤਤਿ ਕਰੋ। ਹੇ ਦੂਤੋਂ,
ਤੁਸੀਂ ਸ਼ਕਤੀਸ਼ਾਲੀ ਸਿਪਾਹੀ ਹੋ ਜਿਹੜੇ ਪਰਮੇਸ਼ੁਰ ਦੇ ਹੁਕਮ ਮੰਨਦੇ ਹਨ।
ਤੁਸੀਂ ਪਰਮੇਸ਼ੁਰ ਨੂੰ ਸੁਣਦੇ ਹੋ ਅਤੇ ਉਸ ਦੇ ਉਪਦੇਸ਼ਾਂ ਦੀ ਪਾਲਣਾ ਕਰਦੇ ਹੋ।
21 ਯਹੋਵਾਹ ਦੀਉ ਸਮੂਹ ਸੈਨਾਉ ਉਸਦੀ ਉਸਤਤਿ ਕਰੋ।
ਤੁਸੀਂ ਉਸ ਦੇ ਸੇਵਕ ਹੋ, ਤੁਸੀਂ ਉਹੀ ਕਰਦੇ ਹੋ
ਜੋ ਪਰਮੇਸ਼ੁਰ ਚਾਹੁੰਦਾ ਹੈ।
22 ਯਹੋਵਾਹ ਨੇ ਹਰ ਥਾਂ ਹਰ ਸ਼ੈਅ ਬਣਾਈ। ਯਹੋਵਾਹ ਹਰ ਜਗ਼੍ਹਾ ਹਰ ਸ਼ੈਅ ਉੱਤੇ ਰਾਜ ਕਰਦਾ ਹੈ।
ਅਤੇ ਉਨ੍ਹਾਂ ਚੀਜ਼ਾਂ ਨੂੰ ਯਹੋਵਾਹ ਦੀ ਉਸਤਤਿ ਕਰਨੀ ਚਾਹੀਦੀ ਹੈ।
ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
2010 by Bible League International