ਗਿਣਤੀ 28
Punjabi Bible: Easy-to-Read Version
ਰੋਜ਼ਾਨਾ ਦੀਆਂ ਭੇਟਾ
28 ਫ਼ੇਰ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਇਹ ਆਦੇਸ਼ ਦੇ। ਉਨ੍ਹਾਂ ਨੂੰ ਠੀਕ ਸਮੇਂ ਤੇ ਅਨਾਜ ਦੀਆਂ ਭੇਟਾਂ ਅਤੇ ਬਲੀਆਂ ਚੜ੍ਹਾਉਣ ਲਈ ਕਹਿ। ਉਹ ਮੇਰੇ ਲਈ ਸੁਗਾਤਾਂ ਹਨ। ਉਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। 3 ਇਹ ਉਹ ਸੁਗਾਤਾ ਹਨ ਜਿਹੜੀਆਂ ਉਨ੍ਹਾਂ ਨੂੰ ਯਹੋਵਾਹ ਨੂੰ ਚੜ੍ਹਾਉਣੀਆਂ ਚਾਹੀਦੀਆਂ ਹਨ। ਹਰ ਰੋਜ਼, ਉਨ੍ਹਾਂ ਨੂੰ ਯਹੋਵਾਹ ਨੂੰ ਬੇਨੁਕਸ ਇੱਕ ਸਾਲ ਦੇ ਦੋ ਲੇਲੇ ਭੇਟ ਕਰਨੇ ਚਾਹੀਦੇ ਹਨ। 4 ਉਹ ਇੱਕ ਲੇਲਾ ਸਵੇਰੇ ਅਤੇ ਦੂਸਰਾ ਸ਼ਾਮ ਨੂੰ ਚੜ੍ਹਾਉਣ। 5 ਇਸ ਤੋਂ ਇਲਾਵਾ ਉਹ ਇੱਕ ਕੁਆਟਰ ਜ਼ੈਤੂਨ ਵਿੱਚ ਗੁੰਨ੍ਹੇ ਹੋਏ ਮੈਦੇ ਦੇ 8 ਕੱਪ ਵੀ, ਅਨਾਜ ਦੀਆਂ ਭੇਟ ਵਜੋਂ ਦੇਣ।” 6 (ਉਨ੍ਹਾਂ ਨੇ ਸੀਨਈ ਪਰਬਤ ਉੱਤੇ ਰੋਜ਼ਾਨਾ ਭੇਟਾ ਚੜ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸੁਗਾਤਾ ਸਨ ਜਿਨ੍ਹਾਂ ਦੀ ਸੁਗੰਧੀ ਨੇ ਯਹੋਵਾਹ ਨੂੰ ਪ੍ਰਸੰਨ ਕਰ ਦਿੱਤਾ।) 7 ਲੋਕਾਂ ਨੂੰ ਹੋਮ ਦੀਆਂ ਭੇਟਾ ਦੇ ਨਾਲ ਪੀਣ ਦੀਆਂ ਭੇਟਾ ਵੀ ਚੜ੍ਹਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਹਰੇਕ ਲੇਲੇ ਦੇ ਨਾਲ ਇੱਕ ਕੁਆਟਰ ਮੈਅ ਜ਼ਰੂਰ ਦੇਣ। ਉਸ ਪੀਣ ਦੀ ਭੇਟ ਨੂੰ ਜਗਵੇਦੀ ਉੱਤੇ ਪਵਿੱਤਰ ਸਥਾਨ ਉੱਤੇ ਚੜ੍ਹਾਉਣ। ਇਹ ਯਹੋਵਾਹ ਵਾਸਤੇ ਸੁਗਾਤ ਹੈ। 8 ਦੂਸਰਾ ਲੇਲਾ ਸ਼ਾਮ ਨੂੰ ਚੜ੍ਹਾਇਆ ਜਾਣਾ ਚਾਹੀਦਾ। ਇਸ ਨੂੰ ਵੀ ਸਵੇਰੇ ਵਾਂਗ ਹੀ ਪੀਣ ਦੀ ਭੇਟ ਦੇ ਨਾਲ ਚੜ੍ਹਾਉਣਾ। ਇਹ ਇੱਕ ਸੁਗਾਤ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
ਸਬਤ ਦੀ ਭੇਟ
9 “ਸਬਤ ਦੇ ਦਿਨ, ਤੁਹਾਨੂੰ ਦੋ ਲੇਲੇ ਚੜ੍ਹਾਉਣੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਉਨ੍ਹਾਂ ਵਿੱਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ। ਤੁਹਾਨੂੰ ਜੈਤੂਨ ਦੇ ਤੇਲ ਵਿੱਚ ਮਿਲਿਆ ਹੋਇਆ 16 ਕੱਪ ਮੈਦਾ ਅਨਾਜ ਦੀ ਭੇਟ ਵਜੋਂ ਇੱਕ ਪੀਣ ਦੀ ਭੇਟ ਦੇ ਨਾਲ ਚੜ੍ਹਾਉਣਾ ਚਾਹੀਦਾ ਹੈ। 10 ਇਹ ਸਬਤ ਲਈ ਖਾਸ ਭੇਟ ਹੈ। ਇਹ ਭੇਟ ਰੋਜ਼ਾਨਾ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਇਲਾਵਾ ਹੈ।
ਮਾਹਵਾਰੀ ਸਭਾਵਾਂ
11 “ਹਰੇਕ ਮਹੀਨੇ ਦੇ ਪਹਿਲੇ ਦਿਨ, ਤੁਸੀਂ ਯਹੋਵਾਹ ਨੂੰ ਖਾਸ ਹੋਮ ਦੀ ਭੇਟ ਚੜ੍ਹਾਉਂਗੇ। ਇਹ ਭੇਟ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਬੇਨੁਕਸ 7 ਲੇਲੇ ਹੋਣਗੇ। 12 ਹਰੇਕ ਬਲਦ ਦੇ ਨਾਲ ਤੁਹਾਨੂੰ ਜੈਤੂਨ ਦੇ ਤੇਲ ਵਿੱਚ ਗੁੰਨ੍ਹੇ ਹੋਏ ਮੈਦੇ ਦੇ 24 ਕੱਪ ਵੀ, ਅਨਾਜ ਦੀ ਭੇਟ ਵਜੋਂ ਚੜ੍ਹਾਉਣੇ ਚਾਹੀਦੇ ਹਨ। ਅਤੇ ਭੇਡੂ ਦੇ ਨਾਲ ਤੁਹਾਨੂੰ ਜੈਤੂਨ ਦੇ ਤੇਲ ਵਿੱਚ ਗੁੰਨ੍ਹੇ ਹੋਏ ਮੈਦੇ 16 ਕੱਪ ਵੀ ਅਨਾਜ ਦੀ ਭੇਟ ਵਜੋਂ ਚੜ੍ਹਾਊਣੇ ਚਾਹੀਦੇ ਹਨ। 13 ਹਰੇਕ ਲੇਲੇ ਦੇ ਨਾਲ ਜੈਤੂਨ ਦੇ ਤੇਲ ਵਿੱਚ ਮਿਲੇ ਹੋਏ ਮੈਦੇ ਦੇ 8 ਕੱਪ ਅਨਾਜ ਦੀ ਭੇਟ ਹੋਣੀ ਚਾਹੀਦੀ ਹੈ। ਇਹ ਇੱਕ ਸੁਗਾਤ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। 14 ਹਰੇਕ ਬਲਦ ਦੇ ਨਾਲ ਮੈਅ ਦੇ ਦੋ ਕੁਆਟਰ, ਹਰੇਕ ਭੇਡੂ ਦੇ ਨਾਲ 1 1/4 ਕੁਆਟਰ ਮੈਅ ਅਤੇ ਹਰੇਕ ਲੇਲੇ ਦੇ ਨਾਲ ਮੈਅ ਦਾ ਇੱਕ ਕੁਆਟਰ। 15 ਰੋਜ਼ਾਨਾ ਹੋਮ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਇਲਾਵਾ, ਤੁਹਾਨੂੰ ਪਾਪ ਦੀ ਭੇਟ ਵਜੋਂ ਯਹੋਵਾਹ ਨੂੰ ਇੱਕ ਬੱਕਰਾ ਵੀ ਚੜ੍ਹਾਉਣਾ ਚਾਹੀਦਾ ਹੈ।
ਪਸਾਹ
16 “ਯਹੋਵਾਹ ਦਾ ਪਸਾਹ, ਮਹੀਨੇ ਦੀ 14 ਤਰੀਕ ਨੂੰ ਹੋਵੇਗਾ। 17 ਪਤੀਰੀ ਰੋਟੀ ਦਾ ਪਰਬ ਉਸ ਮਹੀਨੇ ਦੀ 15 ਤਰੀਕ ਨੂੰ ਸ਼ੁਰੂ ਹੁੰਦਾ ਹੈ। ਇਹ ਛੁੱਟੀ ਸੱਤਾਂ ਦਿਨਾਂ ਦੀ ਹੁੰਦੀ ਹੈ ਜਿਹੜੀ ਰੋਟੀ ਤੁਸੀਂ ਖਾ ਸੱਕਦੇ ਹੋ ਉਹ ਸਿਰਫ਼ ਪਤੀਰੀ ਰੋਟੀ ਹੀ ਹੈ। 18 ਇਨ੍ਹਾਂ ਛੁੱਟੀਆਂ ਦੇ ਪਹਿਲੇ ਦਿਨ ਤੁਹਾਨੂੰ ਖਾਸ ਸਭਾ ਕਰਨੀ ਚਾਹੀਦੀ ਹੈ। ਉਸ ਦਿਨ ਤੁਸੀਂ ਕੋਈ ਕੰਮ ਨਹੀਂ ਕਰੋਂਗੇ। 19 ਤੁਸੀਂ ਯਹੋਵਾਹ ਨੂੰ ਹੋਮ ਦੀਆਂ ਭੇਟਾ ਚੜ੍ਹਾਵੋਂਗੇ। ਇਹ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਬੇਨੁਕਸ 7 ਲੇਲੇ ਹੋਣਗੇ। 20-21 ਤੁਹਾਨੂੰ ਅਨਾਜ ਦੀ ਭੇਟ ਵਜੋਂ ਹਰੇਕ ਬਲਦ ਦੇ ਨਾਲ ਜੈਤੂਨ ਦੇ ਤੇਲ ਵਿੱਚ ਗੁੰਨ੍ਹਿਆ 24 ਕੱਪ ਮੈਦਾ, ਅਤੇ ਹਰੇਕ ਲੇਲੇ ਦੇ ਨਾਲ ਜ਼ੈਤੂਨ ਦੇ ਤੇਲ ਵਿੱਚ ਗੁੰਨ੍ਹਿਆ 8 ਕੱਪ ਮੈਦਾ ਦੇਣਾ ਚਾਹੀਦਾ ਹੈ। 22 ਤੁਹਾਨੂੰ ਖੁਦ ਦੀ ਖਾਤਰ ਪਰਾਸਚਿਤ ਕਰਨ ਲਈ, ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਚੜ੍ਹਾਉਣਾ ਚਾਹੀਦਾ ਹੈ। 23 ਇਹ ਭੇਟਾ ਤੁਹਾਨੂੰ ਨਿਤਨੇਮ ਵਜੋਂ ਸਵੇਰੇ ਦਿੱਤੀਆਂ ਗਈਆਂ ਹੋਮ ਦੀਆਂ ਭੇਟਾ ਤੋਂ ਇਲਾਵਾ ਹੋਣਗੀਆਂ।
24 “ਇਸੇ ਤਰ੍ਹਾਂ, ਸੱਤਾਂ ਦਿਨਾਂ ਤੱਕ ਹਰ ਰੋਜ਼, ਤੁਹਾਨੂੰ ਯਹੋਵਾਹ ਨੂੰ ਅੱਗ ਦੁਆਰਾ ਚੜ੍ਹਾਈਆਂ ਭੇਟਾ ਵਜੋਂ ਅਤੇ ਉਨ੍ਹਾਂ ਦੇ ਨਾਲ ਪੀਣ ਦੀਆਂ ਭੇਟਾ ਦੇਣੀਆਂ ਚਾਹੀਦੀਆਂ ਹਨ। ਇਨ੍ਹਾਂ ਭੇਟਾ ਦੀ ਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਇਹ ਭੇਟਾ ਰੋਜ਼ਾਨਾ ਦੀਆਂ ਭੇਟਾ ਤੋਂ ਇਲਾਵਾ ਦੇਣੀਆਂ ਚਾਹੀਦੀਆਂ ਹਨ।
25 “ਫ਼ੇਰ ਇਨ੍ਹਾਂ ਛੁੱਟੀਆਂ ਦੇ ਸੱਤਵੇਂ ਦਿਨ, ਤੁਹਾਨੂੰ ਇੱਕ ਹੋਰ ਖਾਸ ਸਭਾ ਬੁਲਾਉਣੀ ਚਾਹੀਦੀ ਹੈ। ਤੁਹਾਨੂੰ ਉਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ।
ਅੱਠਵਾਰਿਆ ਦਾ ਪਰਬ (ਪੇਂਟੇਕੋਸਟ)
26 “ਪਹਿਲੇ ਫ਼ਲਾਂ ਦੇ ਪਰਬ (ਅੱਠਵਾਰਿਆਂ ਦੇ ਪਰਬ) ਵੇਲੇ ਯਹੋਵਾਹ ਨੂੰ ਅਨਾਜ ਦੀ ਭੇਟ ਚੜ੍ਹਾਉਣ ਲਈ ਨਵੀਆਂ ਫ਼ਸਲਾਂ ਦੀ ਵਰਤੋਂ ਕਰੋ। ਉਸ ਸਮੇਂ, ਤੁਹਾਨੂੰ ਇੱਕ ਖਾਸ ਸਭਾ ਵੀ ਬੁਲਾਉਣੀ ਚਾਹੀਦੀ ਹੈ। ਤੁਹਾਨੂੰ ਉਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ। 27 ਤੁਹਾਨੂੰ ਇੱਕੋ ਹੋਮ ਦੀ ਭੇਟ ਦੇਣੀ ਚਾਹੀਦੀ ਹੈ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਬੇਨੁਕਸ ਲੇਲੇ ਭੇਟ ਕਰਨੇ ਚਾਹੀਦੇ ਹਨ। 28 ਤੁਹਾਨੂੰ ਤੇਲ ਵਿੱਚ ਗੁੰਨ੍ਹਿਆ 24 ਕੱਪ ਮੈਦਾ ਅਤੇ ਹਰੇਕ ਭੇਡੂ ਨਾਲ 16 ਕੱਪ ਮੈਦਾ ਅਤੇ 29 ਹਰੇਕ ਲੇਲੇ ਦੇ ਨਾਲ 8 ਕੱਪ ਮੈਦਾ ਅਵੱਸ਼ ਦੇਣਾ ਚਾਹੀਦਾ ਹੈ। 30 ਤੁਹਾਨੂੰ ਖੁਦੀ ਖਾਤਰ ਪਰਾਸਚਿਤ ਕਰਨ ਲਈ, ਇੱਕ ਬੱਕਰੇ ਦੀ ਬਲੀ ਦੇਣੀ ਚਾਹੀਦੀ ਹੈ। 31 ਪੀਣ ਦੀਆਂ ਇਹ ਭੇਟਾ ਰੋਜ਼ਾਨਾ ਦੀਆਂ ਭੇਟਾ ਦੇ ਨਾਲ ਚੜ੍ਹਾਈਆਂ ਜਾਣੀਆਂ ਚਾਹੀਦੀਆਂ ਹਨ। ਪਰ ਇਸ ਗੱਲ ਦਾ ਧਿਆਨ ਰੱਖਣਾ ਕਿ ਜਾਨਵਰ ਜਾਂ ਪੀਣ ਦੀਆਂ ਭੇਟਾ ਜੋ ਵੀ ਤੁਸੀਂ ਪਰਮੇਸ਼ੁਰ ਨੂੰ ਚੜ੍ਹਾਵੋਂ ਬੇਨੁਕਸ ਹੋਣੇ ਚਾਹੀਦੇ ਹਨ।
2010 by Bible League International