ਗਿਣਤੀ 20
Punjabi Bible: Easy-to-Read Version
ਮਿਰਯਮ ਦੀ ਮੌਤ
20 ਪਹਿਲੇ ਮਹੀਨੇ ਵਿੱਚ ਇਸਰਾਏਲ ਦੇ ਸਾਰੇ ਲੋਕ ਸੀਨਈ ਮਾਰੂਥਲ ਪਹੁੰਚ ਗਏ। ਉਹ ਕਾਦੇਸ਼ ਵਿੱਚ ਠਹਿਰੇ। ਮਿਰਯਮ ਮਰ ਗਈ ਅਤੇ ਉੱਥੇ ਦਫ਼ਨਾਈ ਗਈ।
ਮੂਸਾ ਇੱਕ ਗਲਤੀ ਕਰਦਾ ਹੈ
2 ਉਸ ਥਾਂ ਲੋਕਾਂ ਲਈ ਪੀਣ ਵਾਸਤੇ ਕਾਫ਼ੀ ਪਾਣੀ ਨਹੀਂ ਸੀ। ਇਸ ਲਈ ਲੋਕ ਇਕੱਠੇ ਹੋਕੇ ਮੂਸਾ ਅਤੇ ਹਾਰੂਨ ਕੋਲ ਸ਼ਿਕਾਇਤਾ ਲੈ ਕੇ ਆ ਗਏ। 3 ਲੋਕਾਂ ਨੇ ਮੂਸਾ ਨਾਲ ਝਗੜਾ ਕੀਤਾ। ਉਨ੍ਹਾਂ ਨੇ ਆਖਿਆ, “ਸ਼ਾਇਦ ਸਾਨੂੰ ਵੀ ਆਪਣੇ ਹੋਰਨਾ ਭਰਾਵਾਂ ਵਾਂਗ ਯਹੋਵਾਹ ਦੇ ਸਾਹਮਣੇ ਮਰ ਜਾਣਾ ਚਾਹੀਦਾ ਹੈ। 4 ਤੁਸੀਂ ਯਹੋਵਾਹ ਦੇ ਬੰਦਿਆਂ ਨੂੰ ਇਸ ਮਾਰੂਥਲ ਅੰਦਰ ਕਿਉਂ ਲੈ ਕੇ ਆਏ ਹੋ? ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਅਤੇ ਸਾਡੇ ਪਸ਼ੂ ਇੱਥੇ ਮਰ ਜਾਈਏ? 5 ਤੁਸੀਂ ਸਾਨੂੰ ਮਿਸਰ ਵਿੱਚੋਂ ਕਿਉਂ ਲੈ ਕੇ ਆਏ? ਤੁਸੀਂ ਸਾਨੂੰ ਇੱਥੇ ਭੈੜੀ ਥਾਂ ਉੱਤੇ ਕਿਉਂ ਲੈ ਕੇ ਆਏ। ਇੱਥੇ ਕੋਈ ਅਨਾਜ ਨਹੀਂ। ਇੱਥੇ ਕੋਈ ਅੰਜੀਰ ਨਹੀਂ ਅਤੇ ਨਾ ਕੋਈ ਅੰਗੂਰ ਜਾਂ ਅਨਾਰ ਹਨ। ਅਤੇ ਇੱਥੇ ਪੀਣ ਲਈ ਪਾਣੀ ਵੀ ਨਹੀਂ।”
6 ਇਸ ਲਈ ਮੂਸਾ ਅਤੇ ਹਾਰੂਨ ਲੋਕਾਂ ਦੀ ਭੀੜ ਨੂੰ ਛੱਡ ਕੇ ਮੰਡਲੀ ਵਾਲੇ ਤੰਬੂ ਵੱਲ ਚੱਲੇ ਗਏ। ਉਹ ਆਪਣੇ ਮੂੰਹ ਹੇਠਾਂ ਜ਼ਮੀਨ ਵੱਲ ਕਰਕੇ ਝੁਕ ਗਏ ਅਤੇ ਉਨ੍ਹਾਂ ਨੇ ਯਹੋਵਾਹ ਦਾ ਪਰਤਾਪ ਵੇਖਿਆ।
7 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ, 8 “ਚੱਲਣ ਵਾਲੀ ਖਾਸ ਰੋਟੀ ਲੈ ਆ। ਆਪਣੇ ਭਰਾ ਹਾਰੂਨ ਨੂੰ ਅਤੇ ਲੋਕਾਂ ਦੀ ਭੀੜ ਨੂੰ ਨਾਲ ਲੈ ਕੇ ਉਸ ਚੱਟਾਨ ਵੱਲ ਜਾ। ਲੋਕਾਂ ਦੇ ਸਾਹਮਣੇ ਚੱਟਾਨ ਨਾਲ ਗੱਲ ਕਰ, ਫ਼ੇਰ ਇਸ ਵਿੱਚੋਂ ਪਾਣੀ ਵਗ ਤੁਰੇਗਾ। ਤੂੰ ਉਹ ਪਾਣੀ ਲੋਕਾਂ ਨੂੰ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਦੇ ਸੱਕਦਾ ਹੈ।”
9 ਚੱਲਣ ਵਾਲੀ ਸੋਟੀ ਯਹੋਵਾਹ ਦੇ ਸਾਹਮਣੇ ਪਵਿੱਤਰ ਤੰਬੂ ਵਿੱਚ ਸੀ। ਮੂਸਾ ਨੇ ਯਹੋਵਾਹ ਦੇ ਕਹੇ ਅਨੁਸਾਰ ਸੋਟੀ ਚੁੱਕ ਲਈ। 10 ਮੂਸਾ ਅਤੇ ਹਾਰੂਨ ਨੇ ਲੋਕਾਂ ਨੂੰ ਚੱਟਾਨ ਦੇ ਸਾਹਮਣੇ ਇਕੱਠੇ ਹੋਣ ਲਈ ਆਖਿਆ। ਫ਼ੇਰ ਮੂਸਾ ਨੇ ਆਖਿਆ, “ਤੁਸੀਂ ਲੋਕ ਹਮੇਸ਼ਾ ਸ਼ਿਕਾਇਤਾਂ ਕਰਦੇ ਰਹਿੰਦੇ ਹੋ। ਹੁਣ ਮੇਰੀ ਗੱਲ ਸੁਣੋ। ਮੈਂ ਇਸ ਚੱਟਾਨ ਅੰਦਰੋਂ ਪਾਣੀ ਵਗਾਵਾਂਗਾ।” 11 ਮੂਸਾ ਨੇ ਆਪਣੀ ਬਾਂਹ ਚੁੱਕੀ ਅਤੇ ਦੋ ਵਾਰ ਚੱਟਾਨ ਉੱਤੇ ਚੋਟ ਕੀਤੀ। ਚੱਟਾਨ ਵਿੱਚੋਂ ਪਾਣੀ ਵਗਣ ਲੱਗ ਪਿਆ। ਅਤੇ ਲੋਕਾਂ ਨੇ ਅਤੇ ਲੋਕਾਂ ਦੇ ਪਸ਼ੂਆਂ ਨੇ ਉਹ ਪਾਣੀ ਪੀਤਾ।
12 ਪਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, “ਸਾਰੇ ਇਸਰਾਏਲ ਦੇ ਲੋਕ ਜਮ੍ਹਾ ਸਨ। ਪਰ ਤੁਸੀਂ ਮੇਰੇ ਲਈ ਆਦਰ ਨਹੀਂ ਪ੍ਰਗਟ ਕੀਤਾ। ਤੁਸੀਂ ਇਸਰਾਏਲ ਦੇ ਲੋਕਾਂ ਨੂੰ ਇਹ ਨਹੀਂ ਦਰਸਾਇਆ ਕਿ ਪਾਣੀ ਪੈਦਾ ਕਰਨ ਦੀ ਸ਼ਕਤੀ ਮੇਰੇ ਅੰਦਰ ਸੀ। ਤੁਸੀਂ ਲੋਕਾਂ ਨੂੰ ਇਹ ਨਹੀਂ ਦਰਸਾਇਆ ਕਿ ਤੁਹਾਨੂੰ ਮੇਰੇ ਉੱਤੇ ਭਰੋਸਾ ਸੀ। ਮੈਂ ਉਨ੍ਹਾਂ ਲੋਕਾਂ ਨੂੰ ਇਹ ਨਹੀਂ ਦਰਸਾਇਆ ਕਿ ਤੁਹਾਨੂੰ ਤੇਰੇ ਉੱਤੇ ਭਰੋਸਾ ਸੀ। ਮੈਂ ਉਨ੍ਹਾਂ ਲੋਕਾਂ ਨੂੰ ਉਹ ਧਰਤੀ ਦੇਵਾਂਗਾ ਜਿਸਦਾ ਮੈਂ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਪਰ ਤੁਸੀਂ ਉਨ੍ਹਾਂ ਦੀ ਉਸ ਧਰਤੀ ਉੱਤੇ ਅਗਵਾਈ ਨਹੀਂ ਕਰੋਂਗੇ।”
13 ਇਸ ਸਥਾਨ ਦਾ ਨਾਮ ਮਰੀਬਾਹ ਦੇ ਪਾਣੀ ਸੀ। ਇਹੀ ਉਹ ਥਾਂ ਸੀ ਜਿੱਥੇ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨਾਲ ਝਗੜਾ ਕੀਤਾ ਸੀ। ਅਤੇ ਇਹੀ ਉਹ ਥਾਂ ਸੀ ਜਿੱਥੇ ਯਹੋਵਾਹ ਨੇ ਉਨ੍ਹਾਂ ਨੂੰ ਦਰਸਾ ਦਿੱਤਾ ਸੀ ਕਿ ਉਹ ਪਵਿੱਤਰ ਸੀ।
ਅਦੋਮ ਇਸਰਾਏਲ ਨੂੰ ਲੰਘਣ ਨਹੀਂ ਦਿੰਦਾ
14 ਜਦੋਂ ਮੂਸਾ ਕਾਦੇਸ਼ ਵਿੱਚ ਸੀ ਉਸ ਨੇ ਕੁਝ ਆਦਮੀਆਂ ਨੂੰ ਸੰਦੇਸ਼ ਦੇਕੇ ਅਦੋਮ ਦੇ ਰਾਜੇ ਵੱਲ ਭੇਜਿਆ। ਸੰਦੇਸ਼ ਵਿੱਚ ਆਖਿਆ ਗਿਆ ਸੀ:
“ਤੁਹਾਡੇ ਭਰਾ, ਇਸਰਾਏਲ ਦੇ ਲੋਕ ਤੁਹਾਨੂੰ ਆਖਦੇ ਹਨ: ਤੁਸੀਂ ਜਾਣਦੇ ਹੋ ਕਿ ਅਸੀਂ ਕੀ-ਕੀ ਮੁਸੀਬਤਾਂ ਝੱਲੀਆਂ ਹਨ। 15 ਬਹੁਤ ਵਰ੍ਹੇ ਪਹਿਲਾਂ, ਸਾਡੇ ਪੁਰਖੇ ਮਿਸਰ ਨੂੰ ਗਏ ਸਨ ਅਤੇ ਅਸੀਂ ਉੱਥੇ ਕਾਫ਼ੀ ਵਰ੍ਹੇ ਰਹੇ। ਮਿਸਰੀ ਸਾਡੇ ਨਾਲ ਅਤੇ ਸਾਡੇ ਪੁਰਖਿਆਂ ਨਾਲ ਬੁਰਾ ਵਿਹਾਰ ਕਰ ਰਹੇ ਸਨ। 16 ਪਰ ਅਸੀਂ ਯਹੋਵਾਹ ਪਾਸੋਂ ਸਹਾਇਤਾ ਮੰਗੀ ਯਹੋਵਾਹ ਨੇ ਸਾਡੀ ਫ਼ਰਿਆਦ ਸੁਣੀ ਅਤੇ ਸਾਡੀ ਸਹਾਇਤਾ ਲਈ ਇੱਕ ਦੂਤ ਨੂੰ ਭੇਜਿਆ। ਯਹੋਵਾਹ ਸਾਨੂੰ ਮਿਸਰ ਵਿੱਚੋਂ ਬਾਹਰ ਲੈ ਆਇਆ ਹੈ।
“ਹੁਣ ਅਸੀਂ ਕਾਦੇਸ਼ ਵਿੱਚ ਹਾਂ ਜਿੱਥੇ ਤੁਹਾਡੀ ਧਰਤੀ ਸ਼ੁਰੂ ਹੁੰਦੀ ਹੈ। 17 ਕਿਰਪਾ ਕਰਕੇ ਸਾਨੂੰ ਆਪਣੀ ਧਰਤੀ ਵਿੱਚੋਂ ਲੰਘ ਲੈਣ ਦਿਉ। ਅਸੀਂ ਖੇਤਾਂ ਜਾਂ ਅੰਗੂਰਾਂ ਦੇ ਬਗੀਚਿਆਂ ਵਿੱਚੋਂ ਨਹੀਂ ਲੰਘਾਂਗੇ। ਅਸੀਂ ਤੁਹਾਡੇ ਕਿਸੇ ਵੀ ਖੂਹ ਦਾ ਪਾਣੀ ਨਹੀਂ ਪੀਵਾਂਗੇ। ਅਸੀਂ ਸਿਰਫ਼ ਸ਼ਾਹੀ ਸੜਕ ਉੱਤੋਂ ਦੀ ਲੰਘਾਗੇ। ਅਸੀਂ ਇਹ ਸੜਕ ਛੱਡ ਕੇ ਸੱਜੇ ਜਾਂ ਖੱਬੇ ਨਹੀਂ ਹੋਵਾਂਗੇ। ਤੁਹਾਡੇ ਦੇਸ਼ ਵਿੱਚੋਂ ਗੁਜ਼ਰਦੇ ਹੋਏ ਇਸ ਨੂੰ ਪਾਰ ਕਰ ਜਾਣ ਤੀਕ ਸੜਕ ਉੱਤੇ ਹੀ ਚੱਲਾਂਗੇ।”
18 ਪਰ ਅਦੋਮ ਦੇ ਰਾਜੇ ਨੇ ਜਵਾਬ ਦਿੱਤਾ, “ਤੁਸੀਂ ਸਾਡੇ ਦੇਸ਼ ਵਿੱਚੋਂ ਨਾ ਲੰਘੇ। ਜੇ ਤੁਸੀਂ ਸਾਡੇ ਦੇਸ਼ ਵਿੱਚੋਂ ਹੋਕੇ ਗੁਜਰੋਂਗੇ, ਤਾਂ ਅਸੀਂ ਆਕੇ ਤੁਹਾਡੇ ਨਾਲ ਤਲਵਾਰਾ ਨਾਲ ਜੰਗ ਕਰਾਂਗੇ।”
19 ਇਸਰਾਏਲ ਦੇ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਮੁੱਖ ਸੜਕ ਉੱਤੋਂ ਦੀ ਲੰਘਾਗੇ। ਜੇਕਰ ਅਸੀਂ ਜਾਂ ਸਾਡੇ ਪਸ਼ੂ ਤੁਹਾਡਾ ਪਾਣੀ ਪੀਣਗੇ ਤਾਂ ਅਸੀਂ ਇਸਦਾ ਮੁੱਲ ਤਾਰਾਂਗੇ। ਅਸੀਂ ਸਿਰਫ਼ ਤੁਹਾਡੇ ਦੇਸ਼ ਵਿੱਚੋਂ ਲੰਘਣਾ ਚਾਹੁੰਦੇ ਹਾਂ ਅਤੇ ਇਸ ਨੂੰ ਆਪਣੇ ਲਈ ਜਿੱਤਣਾ ਨਹੀਂ ਚਾਹੁੰਦੇ।”
20 ਪਰ ਅਦੋਮ ਨੇ ਫ਼ੇਰ ਜਵਾਬ ਦਿੱਤਾ, “ਅਸੀਂ ਤੁਹਾਨੂੰ ਆਪਣੇ ਦੇਸ਼ ਵਿੱਚ ਨਹੀਂ ਵੜਨ ਦਿਆਂਗੇ।”
ਫ਼ੇਰ ਅਦੋਮ ਦੇ ਰਾਜੇ ਨੇ ਬਹੁਤ ਸ਼ਕਤੀਸ਼ਾਲੀ ਫ਼ੌਜ ਇਕੱਠੀ ਕੀਤੀ ਅਤੇ ਇਸਰਾਏਲ ਦੇ ਲੋਕਾਂ ਨਾਲ ਲੜਨ ਲਈ ਚੱਲਾ ਗਿਆ। 21 ਅਦੋਮ ਦੇ ਰਾਜੇ ਨੇ ਇਸਰਾਏਲ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਲੰਘਣ ਤੋਂ ਇਨਕਾਰ ਕਰ ਦਿੱਤਾ। ਅਤੇ ਇਸਰਾਏਲ ਦੇ ਲੋਕ ਹੋਰ ਪਾਸੇ ਮੁੜ ਪਏ ਅਤੇ ਹੋਰ ਰਾਹ ਚੱਲੇ ਗਏ।
ਹਾਰੂਨ ਦੀ ਮੌਤ
22 ਇਸਰਾਏਲ ਦੇ ਸਾਰੇ ਲੋਕ ਕਾਦੇਸ਼ ਤੋਂ ਚੱਲ ਕੇ “ਹੋਰ ਪਹਾੜੀ” ਵੱਲ ਚੱਲੇ ਗਏ। 23 “ਹੋਰ ਪਹਾੜੀ” ਅਦੋਮ ਦੀ ਸੀਮਾ ਲਾਗੇ ਸੀ। ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, 24 “ਹੁਣ ਹਾਰੂਨ ਦੇ ਦੇਹਾਂਤ ਦਾ ਸਮਾਂ ਆ ਗਿਆ ਹੈ ਅਤੇ ਉਸ ਦੇ ਪੁਰਖਿਆਂ ਕੋਲ ਪਹੁੰਚਣ ਦਾ ਵੇਲਾ ਆ ਗਿਆ ਹੈ। ਹਾਰੂਨ ਉਸ ਧਰਤੀ ਵਿੱਚ ਦਾਖਲ ਨਹੀਂ ਹੋਵੇਗਾ ਜਿਸਦਾ ਮੈਂ ਇਸਰਾਏਲ ਦੇ ਲੋਕਾਂ ਨਾਲ ਇਕਰਾਰ ਕੀਤਾ ਹੈ। ਮੂਸਾ, ਇਹ ਗੱਲ ਮੈਂ ਤੈਨੂੰ ਆਖਦਾ ਹਾਂ ਕਿਉਂਕਿ ਤੂੰ ਅਤੇ ਹਾਰੂਨ ਦੋਹਾਂ ਨੇ ਮੇਰੇ ਉਸ ਆਦੇਸ਼ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਸੀ ਜਿਹੜਾ ਮੈਂ ਤੁਹਾਨੂੰ ਮਰੀਬਾਹ ਦੇ ਪਾਣੀਆਂ ਕੰਢੇ ਦਿੱਤਾ ਸੀ।
25 “ਹੁਣ, ਹਾਰੂਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਨੂੰ ‘ਹੋਰ ਪਹਾੜੀ’ ਉੱਪਰ ਲੈ ਆ। 26 ਹਾਰੂਨ ਦੇ ਖਾਸ ਵਸਤਰ ਉਸ ਕੋਲੋਂ ਲੈ ਅਤੇ ਇਨ੍ਹਾਂ ਨੂੰ ਉਸ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾ ਦੇ, ਹਾਰੂਨ ਉੱਥੇ ਪਹਾੜੀ ਉੱਤੇ ਮਰ ਜਾਵੇਗਾ। ਅਤੇ ਉਹ ਆਪਣੇ ਪੁਰਖਿਆਂ ਕੋਲ ਚੱਲਾ ਜਾਵੇਗਾ।”
27 ਮੂਸਾ ਨੇ ਯਹੋਵਾਹ ਦਾ ਆਦੇਸ਼ ਮੰਨ ਲਿਆ। ਮੂਸਾ, ਹਾਰੂਨ ਅਤੇ ਅਲਆਜ਼ਾਰ ਹੋਰ ਪਹਾੜੀ ਉੱਪਰ ਚੱਲੇ ਗਏ। ਇਸਰਾਏਲ ਦੇ ਸਮੂਹ ਲੋਕਾਂ ਨੇ ਉਨ੍ਹਾਂ ਨੂੰ ਜਾਂਦਿਆ ਦੇਖਿਆ। 28 ਮੂਸਾ ਨੇ ਹਾਰੂਨ ਦੇ ਖਾਸ ਵਸਤਰ ਉਤਾਰ ਲਈ ਅਤੇ ਇਹ ਵਸਤਰ ਹਾਰੂਨ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾ ਦਿੱਤੇ। ਫ਼ੇਰ ਹਾਰੂਨ ਪਹਾੜੀ ਦੀ ਚੋਟੀ ਉੱਤੇ ਜਾਕੇ ਮਰ ਗਿਆ। ਮੂਸਾ ਅਤੇ ਅਲਆਜ਼ਾਰ ਪਹਾੜੀ ਤੋਂ ਹੇਠਾਂ ਉੱਤਰ ਆਏ। 29 ਇਸਰਾਏਲ ਦੇ ਸਮੂਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਹਾਰੂਨ ਮਰ ਚੁੱਕਿਆ। ਇਸ ਲਈ ਇਸਰਾਏਲ ਦੇ ਹਰ ਬੰਦੇ ਨੇ 30 ਦਿਨਾਂ ਦਾ ਸੋਗ ਮਨਾਇਆ।
2010 by Bible League International