ਕੂਚ 20
Punjabi Bible: Easy-to-Read Version
ਦਸ ਹੁਕਮ
20 ਤਾਂ ਪਰਮੇਸ਼ੁਰ ਨੇ ਆਖਿਆ,
2 “ਮੈਂ ਯਹੋਵਾਹ ਹਾਂ ਤੁਹਾਡਾ ਪਰਮੇਸ਼ੁਰ। ਮੈਂ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ ਜਿੱਥੇ ਤੁਸੀਂ ਗੁਲਾਮ ਸੀ। ਇਸ ਲਈ ਤੁਹਾਨੂੰ ਇਹ ਹੁਕਮ ਮਂਨਣੇ ਚਾਹੀਦੇ ਹਨ;
3 “ਤੁਹਾਨੂੰ ਮੇਰੇ ਇਲਾਵਾ ਕਿਸੇ ਹੋਰ ਦੇਵਤੇ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ।
4 “ਤੁਹਾਨੂੰ ਕੋਈ ਬੁੱਤ ਨਹੀਂ ਬਨਾਉਣੇ ਚਾਹੀਦੇ। ਅਕਾਸ਼ ਵਿੱਚ ਜਾਂ ਧਰਤੀ ਉੱਤੇ ਜਾਂ ਪਾਣੀ ਅੰਦਰ ਕਿਸੇ ਚੀਜ਼ ਦੇ ਬੁੱਤ ਜਾਂ ਤਸਵੀਰਾਂ ਨਾ ਬਨਾਓ। 5 ਕਿਸੇ ਤਰ੍ਹਾਂ ਦੇ ਬੁੱਤਾਂ ਦੀ ਉਪਾਸਨਾ ਜਾਂ ਸੇਵਾ ਨਾ ਕਰੋ। ਕਿਉਂ? ਕਿਉਂਕਿ ਮੈਂ, ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ। ਮੈਂ ਆਪਣੇ ਲੋਕਾਂ ਨੂੰ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਦਿਆਂ ਦੇਖਕੇ ਨਫ਼ਰਤ ਕਰਦਾ ਹਾਂ। ਜਿਹੜੇ ਲੋਕ ਮੇਰੇ ਖਿਲਾਫ਼ ਪਾਪ ਕਰਦੇ ਹਨ ਉਹ ਮੇਰੇ ਦੁਸ਼ਮਣ ਬਣ ਜਾਂਦੇ ਹਨ। ਅਤੇ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ। ਅਤੇ ਮੈਂ ਉਨ੍ਹਾਂ ਦੇ ਪੁੱਤਾਂ ਪੋਤਿਆਂ ਅਤੇ ਪੜਪੋਤਿਆਂ ਨੂੰ ਵੀ ਸਜ਼ਾ ਦਿਆਂਗਾ। 6 ਪਰ ਮੈਂ ਉਨ੍ਹਾਂ ਲੋਕਾਂ ਉੱਤੇ ਬਹੁਤ ਮਿਹਰਬਾਨ ਹੋਵਾਂਗਾ ਜਿਹੜੇ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ। ਮੈਂ ਉਨ੍ਹਾਂ ਦੇ ਪਰਿਵਾਰਾਂ ਉੱਪਰ ਹਜ਼ਾਰਾਂ ਪੀੜੀਆਂ ਤੱਕ ਮਿਹਰਬਾਨ ਹੋਵਾਂਗਾ।
7 “ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਗਲਤ ਢੰਗ ਨਾਲ ਨਹੀਂ ਵਰਤਣਾ ਚਾਹੀਦਾ। ਜੇ ਕੋਈ ਬੰਦਾ ਯਹੋਵਾਹ ਦਾ ਨਾਮ ਗਲਤ ਢੰਗ ਨਾਲ ਵਰਤਦਾ ਹੈ, ਤਾਂ ਉਹ ਬੰਦਾ ਦੋਸ਼ੀ ਹੈ। ਅਤੇ ਯਹੋਵਾਹ ਉਸ ਨੂੰ ਨਿਰਦੋਸ਼ ਨਹੀਂ ਬਣਾਵੇਗਾ।
8 “ਤੁਹਾਨੂੰ ਸਬਤ ਨੂੰ, ਇੱਕ ਖਾਸ ਦਿਨ ਵਜੋਂ ਰੱਖਣਾ ਚਾਹੀਦਾ ਹੈ। 9 ਹਫ਼ਤੇ ਵਿੱਚ ਛੇ ਦਿਨ ਕੰਮ ਕਰੋ। 10 ਪਰ ਸੱਤਵਾਂ ਦਿਨ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਆਦਰ ਵਿੱਚ ਅਰਾਮ ਦਾ ਦਿਨ ਹੈ। ਇਸ ਲਈ ਓਸ ਦਿਨ ਕਿਸੇ ਬੰਦੇ ਨੂੰ ਕੰਮ ਨਹੀਂ ਕਰਨਾ ਚਾਹੀਦਾ-ਨਾ ਤੁਹਾਨੂੰ, ਨਾ ਤੁਹਾਡੇ ਪੁੱਤਰਾਂ-ਧੀਆਂ, ਜਾਂ ਤੁਹਾਡੇ ਨੌਕਰ-ਨੌਕਰਾਣੀਆਂ ਨੂੰ। ਤੁਹਾਡੇ ਸ਼ਹਿਰਾਂ ਵਿੱਚ ਰਹਿੰਦੇ ਤੁਹਾਡੇ ਜਾਨਵਰਾਂ ਅਤੇ ਵਿਦੇਸ਼ੀਆਂ ਨੂੰ ਵੀ ਕੰਮ ਨਹੀਂ ਕਰਨਾ ਚਾਹੀਦਾ। 11 ਕਿਉਂਕਿ ਯਹੋਵਾਹ ਨੇ ਛੇ ਦਿਨ ਕੰਮ ਕੀਤਾ ਅਤੇ ਅਕਾਸ਼, ਧਰਤੀ ਅਤੇ ਸਮੁੰਦਰ ਅਤੇ ਉਨ੍ਹਾਂ ਵਿੱਚਲੀ ਹਰ ਸ਼ੈਅ ਬਣਾਈ। ਅਤੇ ਸੱਤਵੇਂ ਦਿਨ ਪਰਮੇਸ਼ੁਰ ਨੇ ਅਰਾਮ ਕੀਤਾ। ਇਸ ਤਰ੍ਹਾਂ ਯਹੋਵਾਹ ਨੇ ਸਬਤ-ਅਰਾਮ ਦੇ ਦਿਨ ਨੂੰ ਅਸੀਸ ਦਿੱਤੀ। ਯਹੋਵਾਹ ਨੇ ਉਸ ਨੂੰ ਬਹੁਤ ਖਾਸ ਦਿਨ ਬਣਾ ਦਿੱਤਾ।
12 “ਤੁਹਾਨੂੰ ਤੁਹਾਡੇ ਪਿਤਾ ਅਤੇ ਮਾਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ। ਤਾਂ ਜੋ ਤੁਸੀਂ ਉਸ ਧਰਤੀ ਤੇ ਭਰਪੂਰ ਜੀਵਨ ਜਿਉਂ ਸੱਕੋ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ।
13 “ਤੁਹਾਨੂੰ ਕਿਸੇ ਦਾ ਕਤਲ ਨਹੀਂ ਕਰਨਾ ਚਾਹੀਦਾ।
14 “ਤੁਹਾਨੂੰ ਵਿਭਚਾਰ ਦਾ ਪਾਪ ਨਹੀਂ ਕਰਨਾ ਚਾਹੀਦਾ।
15 “ਤੁਹਾਨੂੰ ਕੋਈ ਚੀਜ਼ ਚੁਰਾਉਣੀ ਨਹੀਂ ਚਾਹੀਦੀ।
16 “ਤੁਹਾਨੂੰ ਅਦਾਲਤ ਵਿੱਚ ਕਿਸੇ ਦੂਸਰੇ ਵਿਅਕਤੀ ਬਾਰੇ ਝੂਠੀ ਗਵਾਹੀ ਨਹੀਂ ਦੇਣੀ ਚਾਹੀਦੀ।
17 “ਤੁਹਾਨੂੰ ਆਪਣੇ ਗੁਆਂਢੀ ਦੇ ਘਰ ਦੀ ਇੱਛਾ ਨਹੀਂ ਕਰਨੀ ਚਾਹੀਦੀ। ਤੁਹਾਨੂੰ ਤੁਹਾਡੇ ਗੁਆਂਢੀ ਦੀ ਪਤਨੀ, ਉਸ ਦੇ ਦਾਸ ਜਾਂ ਦਾਸੀਆਂ, ਉਸ ਦੇ ਬਲਦ ਜਾਂ ਖੋਤੇ ਜਾਂ ਤੁਹਾਡੇ ਗੁਆਂਢੀ ਨਾਲ ਸੰਬੰਧਿਤ ਕਿਸੇ ਵੀ ਚੀਜ਼ ਨੂੰ ਪਾਉਣ ਦੀ ਇੱਛਾ ਨਹੀਂ ਕਰਨੀ ਚਾਹੀਦੀ।”
ਲੋਕ ਪਰਮੇਸ਼ੁਰ ਤੋਂ ਡਰਦੇ ਹਨ
18 ਇਸ ਸਮੇਂ ਦੌਰਾਨ, ਵਾਦੀ ਦੇ ਸਾਰੇ ਲੋਕਾਂ ਨੇ ਬੱਦਲਾਂ ਦੀ ਗਰਜ ਸੁਣੀ ਅਤੇ ਪਰਬਤ ਉੱਤੇ ਬਿਜਲੀ ਲਿਸ਼ਕਦੀ, ਅਤੇ ਪਰਬਤ ਚੋਂ ਧੂੰਆਂ ਉੱਠਦਾ ਦੇਖਿਆ। ਉਹ ਡਰ ਨਾਲ ਕੰਬ ਰਹੇ ਸਨ ਅਤੇ ਪਰਬਤ ਤੋਂ ਪਰ੍ਹਾਂ ਹਟ ਗਏ। 19 ਤਾਂ ਲੋਕਾਂ ਨੇ ਮੂਸਾ ਨੂੰ ਆਖਿਆ, “ਜੇ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਅਸੀਂ ਸੁਣਾਂਗੇ। ਪਰ ਮਿਹਰਬਾਨੀ ਕਰਕੇ ਪਰਮੇਸ਼ੁਰ ਨੂੰ ਸਾਡੇ ਨਾਲ ਗੱਲ ਨਾ ਕਰਨ ਦਿਓ। ਜੇ ਅਜਿਹਾ ਹੋਇਆ ਤਾਂ ਅਸੀਂ ਮਾਰੇ ਜਾਵਾਂਗੇ।”
20 ਤਾਂ ਮੂਸਾ ਨੇ ਲੋਕਾਂ ਨੂੰ ਆਖਿਆ, “ਡਰੋ ਨਾ। ਯਹੋਵਾਹ ਤੁਹਾਨੂੰ ਪਰੱਖਣ ਲਈ ਆਇਆ ਹੈ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਉਸਦੀ ਇੱਜ਼ਤ ਕਰੋ ਤਾਂ ਜੋ ਤੁਸੀਂ ਪਾਪ ਨਾ ਕਰੋ।”
21 ਲੋਕ ਪਰਬਤ ਤੋਂ ਦੂਰ ਖਲੋਤੇ ਰਹੇ ਜਦੋਂ ਕਿ ਮੂਸਾ ਉਸ ਕਾਲੇ ਬੱਦਲ ਵੱਲ ਗਿਆ ਜਿੱਥੇ ਪਰਮੇਸ਼ੁਰ ਸੀ। 22 ਫ਼ੇਰ ਯਹੋਵਾਹ ਨੇ ਮੂਸਾ ਨੂੰ ਇਹ ਗੱਲਾਂ ਇਸਰਾਏਲ ਦੇ ਲੋਕਾਂ ਨੂੰ ਆਖਣ ਲਈ ਆਖਿਆ: “ਤੁਸੀਂ ਲੋਕਾਂ ਨੇ ਦੇਖਿਆ ਹੈ ਕਿ ਮੈਂ ਤੁਹਾਡੇ ਨਾਲ ਅਕਾਸ਼ ਤੋਂ ਗੱਲ ਕੀਤੀ। 23 ਇਸ ਲਈ ਤੁਹਾਨੂੰ ਮੇਰੇ ਨਾਲ ਮੁਕਾਬਲਾ ਕਰਨ ਲਈ ਸੋਨੇ ਜਾਂ ਚਾਂਦੀ ਦੇ ਬੁੱਤ ਨਹੀਂ ਬਨਾਉਣੇ ਚਾਹੀਦੇ। ਤੁਹਾਨੂੰ ਇਹ ਝੂਠੇ ਦੇਵਤੇ ਨਹੀਂ ਬਨਾਉਣੇ ਚਾਹੀਦੇ।
24 “ਮੇਰੇ ਲਈ ਖਾਸ ਜਗਵੇਦੀ ਬਣਾਓ। ਇਸ ਜਗਵੇਦੀ ਨੂੰ ਬਨਾਉਣ ਲਈ ਮਿੱਟੀ ਦੀ ਵਰਤੋਂ ਕਰੋ। ਇਸ ਜਗਵੇਦੀ ਉੱਤੇ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਮੇਰੇ ਲਈ ਬਲੀ ਵਜੋਂ ਭੇਂਟ ਕਰੋ। ਅਜਿਹਾ ਕਰਨ ਲਈ ਆਪਣੀਆਂ ਭੇਡਾਂ ਜਾਂ ਪਸ਼ੂਆਂ ਦੀ ਵਰਤੋਂ ਕਰੋ। ਅਜਿਹਾ ਹਰ ਉਸ ਥਾਂ ਕਰੋ ਜਿੱਥੇ ਮੈਂ ਤੁਹਾਨੂੰ ਮੈਨੂੰ ਚੇਤੇ ਕਰਨ ਲਈ ਆਖਦਾ ਹਾਂ। ਫ਼ੇਰ ਮੈਂ ਆਵਾਂਗਾ ਤੇ ਤੁਹਾਨੂੰ ਅਸੀਸ ਦਿਆਂਗਾ। 25 ਜੇ ਤੁਸੀਂ ਜਗਵੇਦੀ ਬਨਾਉਣ ਲਈ ਪੱਥਰਾਂ ਦੀ ਵਰਤੋਂ ਕਰੋ, ਤਾਂ ਉਨ੍ਹਾਂ ਪੱਥਰਾਂ ਦੀ ਵਰਤੋਂ ਨਾ ਕਰੋ ਜਿਨ੍ਹਾਂ ਨੂੰ ਲੋਹੇ ਦੇ ਔਜ਼ਾਰਾਂ ਨਾਲ ਤਰਾਸ਼ਿਆ ਗਿਆ ਹੋਵੇ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਇਹ ਜਗਵੇਦੀ ਨੂੰ ਮੈਂ ਅਪ੍ਰਵਾਨ ਬਣਾ ਦੇਵੇਗਾ। 26 ਅਤੇ ਤੁਹਾਨੂੰ ਜਗਵੇਦੀ ਤੱਕ ਜਾਣ ਲਈ ਪੌੜੀਆਂ ਨਹੀਂ ਬਨਾਉਣੀਆਂ ਚਾਹੀਦੀਆਂ। ਜੇ ਓੱਥੇ ਪੌੜੀਆਂ ਹੋਣਗੀਆਂ ਤਾਂ ਜਦੋਂ ਲੋਕ ਉੱਪਰ ਜਗਵੇਦੀ ਵੱਲ ਦੇਖਣਗੇ ਤਾਂ ਉਨ੍ਹਾਂ ਨੂੰ ਤੁਹਾਡੇ ਅੰਦਰਲੇ ਵਸਤਰ ਨਜ਼ਰ ਆਉਣਗੇ।”
2010 by Bible League International