ਇਬਰਾਨੀਆਂ ਨੂੰ 2
Punjabi Bible: Easy-to-Read Version
ਸਾਡੀ ਮੁਕਤੀ ਸ਼ਰ੍ਹਾ ਨਾਲੋਂ ਮਹਾਨ ਹੈ
2 ਇਸ ਲਈ ਸਾਨੂੰ ਬਹੁਤ ਧਿਆਨ ਨਾਲ ਉਨ੍ਹਾਂ ਗੱਲਾਂ ਨੂੰ ਮੰਨਣਾ ਚਾਹੀਦਾ ਹੈ ਜਿਨ੍ਹਾਂ ਦੀ ਸਾਨੂੰ ਸਿੱਖਿਆ ਦਿੱਤੀ ਗਈ ਸੀ। ਸਾਨੂੰ ਸਾਵੱਧਾਨ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਸੱਚ ਦੇ ਮਾਰਗ ਤੋਂ ਦੂਰ ਨਾ ਹੋ ਜਾਈਏ। 2 ਜਿਹੜੇ ਉਪਦੇਸ਼ (ਸ਼ਰ੍ਹਾ) ਪਰਮੇਸ਼ੁਰ ਦੇ ਦੂਤਾਂ ਰਾਹੀਂ ਦਿੱਤੇ ਉਨ੍ਹਾਂ ਨੂੰ ਸੱਚ ਸਾਬਤ ਕੀਤੇ ਗਏ ਸਨ। ਅਤੇ ਜਦੋਂ ਵੀ ਲੋਕ ਉਸ ਉਪਦੇਸ਼ ਦੇ ਖਿਲਾਫ਼ ਗਏ ਅਤੇ ਉਸ ਉਪਦੇਸ਼ ਦੀ ਅਵੱਗਿਆ ਕੀਤੀ, ਉਨ੍ਹਾਂ ਨੇ ਢੁੱਕਵੀਂ ਸਜ਼ਾ ਪ੍ਰਾਪਤ ਕੀਤੀ। 3 ਜਿਹੜੀ ਮੁਕਤੀ ਸਾਨੂੰ ਮਿਲੀ ਹੈ ਉਹ ਬਹੁਤ ਮਹਾਨ ਹੈ। ਇਸ ਲਈ ਜੇਕਰ ਅਸੀਂ ਅਜਿਹਾ ਸੋਚਕੇ ਜੀਵਨ ਵਤੀਤ ਕਰੀਏ ਕਿ ਇਸ ਮੁਕਤੀ ਦਾ ਕੋਈ ਮਹੱਤਵ ਨਹੀਂ, ਤਾਂ ਅਸੀਂ ਸਜ਼ਾ ਪਾਉਣ ਲਈ ਬੰਧਿਤ ਹਾਂ। ਇਹ ਪ੍ਰਭੂ ਹੀ ਸੀ ਜਿਸਨੇ ਲੋਕਾਂ ਨੂੰ ਇਸ ਮੁਕਤੀ ਬਾਰੇ ਸਭ ਤੋਂ ਪਹਿਲਾਂ ਦੱਸਿਆ। ਅਤੇ ਜਿਹੜੇ ਲੋਕਾਂ ਨੇ ਉਸ ਨੂੰ ਸੁਣਿਆ, ਸਾਨੂੰ ਇਸ ਗੱਲ ਦਾ ਸਬੂਤ ਦਿੱਤਾ ਕਿ ਇਹ ਮੁਕਤੀ ਸੱਚੀ ਹੈ। 4 ਪਰਮੇਸ਼ੁਰ ਨੇ ਵੀ ਇਸਦਾ ਸਬੂਤ ਕਰਿਸ਼ਮਿਆਂ, ਮਹਾਨ ਨਿਸ਼ਾਨਾਂ ਅਤੇ ਕਈ ਤਰ੍ਹਾਂ ਦੇ ਅਚੰਭਿਆਂ ਰਾਹੀਂ ਦਿੱਤਾ। ਅਤੇ ਉਸ ਨੇ ਇਸਦਾ ਸਬੂਤ ਲੋਕਾਂ ਨੂੰ ਪਵਿੱਤਰ ਆਤਮਾ ਵੱਲੋਂ ਦਿੱਤੀਆਂ ਦਾਤਾਂ ਰਾਹੀਂ ਵੀ ਦਿੱਤਾ। ਉਸ ਨੇ ਇਹ ਦਾਤਾਂ ਆਪਣੀ ਰਜ਼ਾ ਅਨੁਸਾਰ ਦਿੱਤੀਆਂ।
ਮਸੀਹ ਲੋਕਾਂ ਨੂੰ ਬਚਾਉਣ ਲਈ ਮਨੁੱਖਾਂ ਵਰਗਾ ਬਣ ਗਿਆ
5 ਪਰਮੇਸ਼ੁਰ ਨੇ ਆਉਣ ਵਾਲੀ ਨਵੀਂ ਦੁਨੀਆਂ ਉੱਪਰ ਹਕੂਮਤ ਕਰਨ ਲਈ ਦੂਤਾਂ ਦੀ ਚੋਣ ਨਹੀਂ ਕੀਤੀ। ਇਹ ਭਵਿੱਖ ਦੀ ਦੁਨੀਆਂ ਹੀ ਅਜਿਹੀ ਦੁਨੀਆ ਹੈ ਜਿਸ ਬਾਰੇ ਅਸੀਂ ਗੱਲਾਂ ਕਰਦੇ ਰਹੇ ਹਾਂ। 6 ਇਹ ਪੋਥੀਆਂ ਵਿੱਚ ਇੱਕ ਜਗ਼੍ਹਾ ਤੇ ਲਿਖਿਆ ਗਿਆ ਹੈ,
“ਪਰਮੇਸ਼ੁਰ, ਤੂੰ ਮਨੁੱਖ ਦਾ ਧਿਆਨ ਕਿਉਂ ਰੱਖਦਾ ਹੈ?
ਤੂੰ ਕਿਉਂ ਮਨੁੱਖ ਦੇ ਪੁੱਤਰ ਦੀ ਚਿੰਤਾ ਕਰਦਾ ਹੈ।
ਕੀ ਉਹ ਇੰਨਾ ਹੀ ਮਹੱਤਵਪੂਰਣ ਹੈ?
7 ਥੋੜੇ ਜਿਹੇ ਸਮੇਂ ਲਈ, ਤੂੰ ਉਸ ਨੂੰ ਦੂਤਾਂ ਨਾਲੋਂ ਨੀਵਾਂ ਕਰ ਦਿੱਤਾ।
ਤੂੰ ਉਸ ਨੂੰ ਮਹਿਮਾ ਅਤੇ ਇੱਜ਼ਤ ਤਾਜ ਵਾਂਗ ਦਿੱਤੀ ਹੈ।
8 ਤੂੰ ਹਰ ਚੀਜ਼ ਨੂੰ ਉਸ ਦੇ ਅਧੀਨ ਕਰ ਦਿੱਤਾ।” (A)
ਜੇ ਪਰਮੇਸ਼ੁਰ ਨੇ ਸਭ ਕੁਝ ਉਸ ਦੇ ਕਾਬੂ ਹੇਠਾਂ ਕਰ ਦਿੱਤਾ ਤਾਂ ਕੋਈ ਅਜਿਹੀ ਚੀਜ਼ ਨਹੀਂ ਬਚੀ ਜਿਸ ਉੱਤੇ ਉਸਦੀ ਹਕੂਮਤ ਨਹੀਂ ਸੀ। ਪਰ ਅਸੀਂ ਹਾਲੇ ਉਸ ਨੂੰ ਹਰ ਚੀਜ਼ ਉਪਰ ਹਕੂਮਤ ਕਰਦਿਆਂ ਨਹੀਂ ਦੇਖਦੇ। 9 ਥੋੜੇ ਪਲਾਂ ਲਈ, ਯਿਸੂ ਨੂੰ ਦੂਤਾਂ ਤੋਂ ਨੀਵਾਂ ਕੀਤਾ ਗਿਆ ਸੀ। ਪਰ ਹੁਣ ਅਸੀਂ ਉਸ ਨੂੰ ਮਹਿਮਾ ਅਤੇ ਸਤਿਕਾਰ ਤਾਜ ਦੀ ਤਰ੍ਹਾਂ ਪਹਿਨੇ ਹੋਏ ਦੇਖਦੇ ਹਾਂ, ਕਿਉਂਕਿ ਉਸ ਨੇ ਦੁੱਖ ਝੱਲੇ ਅਤੇ ਕਾਲਵਸ ਹੋ ਗਿਆ। ਪਰਮੇਸ਼ੁਰ ਦੀ ਕਿਰਪਾ ਦੇ ਕਾਰਣ ਯਿਸੂ ਹਰ ਮਨੁੱਖ ਲਈ ਮਰਿਆ।
10 ਪਰਮੇਸ਼ੁਰ ਹੀ ਹੈ ਜਿਸਨੇ ਸਾਰੀਆਂ ਚੀਜ਼ਾਂ ਸਾਜੀਆਂ ਅਤੇ ਇਹ ਸਮੂਹ ਚੀਜ਼ਾਂ ਉਸਦੀ ਮਹਿਮਾ ਲਈ ਸਥਿਰ ਹਨ। ਪਰਮੇਸ਼ੁਰ ਨੇ ਆਪਣੀ ਮਹਿਮਾ ਸਾਂਝੀ ਕਰਨ ਲਈ ਕਈ ਪੁੱਤਰ ਹੋਣ ਦੀ ਇੱਛਾ ਕੀਤੀ। ਇਸ ਲਈ ਪਰਮੇਸ਼ੁਰ ਨੇ ਉਹੀ ਕੀਤਾ ਜੋ ਉਹ ਕਰਨਾ ਲੋਚਦਾ ਸੀ। ਉਸ ਨੇ ਯਿਸੂ ਨੂੰ ਸੰਪੂਰਨ ਬਣਾਇਆ ਜਿਹੜਾ ਉਨ੍ਹਾਂ ਲੋਕਾਂ ਨੂੰ ਮੁਕਤੀ ਵੱਲ ਲੈ ਜਾਂਦਾ ਹੈ। ਪਰਮੇਸ਼ੁਰ ਨੇ ਯਿਸੂ ਨੂੰ ਯਿਸੂ ਦੇ ਕਸ਼ਟਾਂ ਰਾਹੀਂ ਸੰਪੂਰਨ ਮੁਕਤੀਦਾਤਾ ਬਣਾਇਆ।
11 ਉਹ ਇੱਕ ਜਿਹੜਾ ਲੋਕਾਂ ਨੂੰ ਪਵਿੱਤਰ ਬਣਾਉਂਦਾ ਹੈ ਅਤੇ ਉਹ ਲੋਕ ਜਿਹੜੇ ਪਵਿੱਤਰ ਬਣਾਏ ਜਾਂਦੇ ਹਨ, ਇੱਕੋ ਹੀ ਪਰਿਵਾਰ ਦੇ ਹਨ। ਇਸ ਲਈ ਉਹ ਉਨ੍ਹਾਂ ਲੋਕਾਂ ਨੂੰ ਆਪਣੇ ਭਰਾ ਅਤੇ ਭੈਣਾਂ ਆਖਦਿਆਂ ਕੋਈ ਦੋਸ਼ੀ ਮਹਿਸੂਸ ਨਹੀਂ ਕਰਦਾ। 12 ਯਿਸੂ ਆਖਦਾ ਹੈ,
“ਹੇ ਪਰਮੇਸ਼ੁਰ, ਮੈਂ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਤੇਰੇ ਬਾਰੇ ਦੱਸਾਂਗਾ।
ਤੇਰੇ ਸਾਰੇ ਲੋਕਾਂ ਦੇ ਸਨਮੁੱਖ ਮੈਂ ਤੇਰੇ ਗੁਣ ਗਾਵਾਂਗਾ।” (B)
13 ਉਹ ਵੀ ਆਖਦਾ ਹੈ,
“ਮੈਂ ਆਪਣਾ ਭਰੋਸਾ ਪਰਮੇਸ਼ੁਰ ਵਿੱਚ ਰੱਖਾਂਗਾ।” (C)
ਅਤੇ ਉਹ ਆਖਦਾ ਹੈ,
“ਮੈਂ ਇੱਥੇ ਹਾਂ। ਅਤੇ ਉਹ ਸਾਰੇ ਬੱਚੇ ਮੇਰੇ ਨਾਲ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮੈਨੂੰ ਦਿੱਤਾ ਹੈ।” (D)
14 ਉਹ ਬੱਚੇ ਭੌਤਿਕ ਸਰੀਰਾਂ ਵਾਲੇ ਲੋਕ ਹਨ। ਇਸ ਲਈ ਯਿਸੂ ਖੁਦ ਉਨ੍ਹਾਂ ਵਰਗਾ ਬਣ ਗਿਆ ਅਤੇ ਉਹ ਉਸੇ ਅਨੁਭਵ ਰਾਹੀਂ ਲੰਘਿਆ ਜਿਸ ਰਾਹੀਂ ਉਹ ਵੀ ਲੰਘਦੇ ਹਨ। ਯਿਸੂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਹ ਮਰਕੇ ਉਸਦਾ ਵਿਨਾਸ਼ ਕਰ ਸੱਕੇ ਜਿਸ ਕੋਲ ਮੌਤ ਦੀ ਸ਼ਕਤੀ ਹੈ। ਉਹ ਇੱਕ ਸ਼ੈਤਾਨ ਹੈ। 15 ਯਿਸੂ ਉਨ੍ਹਾਂ ਲੋਕਾਂ ਜਿਹਾ ਇਸ ਲਈ ਬਣਿਆ ਅਤੇ ਮਰਿਆ ਤਾਂ ਜੋ ਉਹ ਉਨ੍ਹਾਂ ਨੂੰ ਮੁਕਤ ਕਰ ਸੱਕੇ। ਉਹ ਮੌਤ ਦੇ ਭੈ ਕਾਰਣ ਜ਼ਿੰਦਗੀ ਭਰ ਲਈ ਗੁਲਾਮਾਂ ਵਰਗੇ ਸਨ। 16 ਇਹ ਗੱਲ ਸਾਫ਼ ਹੈ ਕਿ ਇਹ ਦੂਤ ਨਹੀਂ ਹਨ ਜਿਨ੍ਹਾਂ, ਦੀ ਸਹਾਇਤਾ ਯਿਸੂ ਕਰਦਾ ਹੈ। ਯਿਸੂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਦਾ ਹੈ ਜਿਹੜੇ ਅਬਰਾਹਾਮ ਦੀ ਔਲਾਦ ਹਨ। 17 ਇਸੇ ਕਾਰਣ ਯਿਸੂ ਨੂੰ ਇੱਕ ਸਰਦਾਰ ਜਾਜਕ ਬਣਨ ਦੀ ਖਾਤਿਰ ਹਰ ਤਰ੍ਹਾਂ ਆਪਣੇ ਭਰਾਵਾਂ ਅਤੇ ਭੈਣਾਂ ਵਰਗਾ ਬਣਨਾ ਪੈਣਾ ਸੀ ਜੋ ਕਿ ਪਰਮੇਸ਼ੁਰ ਦੀ ਸੇਵਾ ਵਿੱਚ ਮਿਹਰਬਾਨ ਅਤੇ ਵਫ਼ਾਦਾਰ ਹੈ। ਤਾਂ ਫ਼ੇਰ ਯਿਸੂ ਲੋਕਾਂ ਦੇ ਪਾਪਾਂ ਨੂੰ ਬਖਸ਼ ਸੱਕੇ। 18 ਅਤੇ ਹੁਣ ਯਿਸੂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰ ਸੱਕਦਾ ਹੈ ਜੋ ਭਰਮਾਏ ਗਏ ਹਨ। ਯਿਸੂ ਇਹ ਲਈ ਸਹਾਇਤਾ ਕਰ ਸੱਕਣ ਦੇ ਯੋਗ ਹੈ ਕਿਉਂ ਜੋ ਉਹ ਤਸੀਹਿਆਂ ਰਾਹੀਂ ਗੁਜਰਿਆ ਅਤੇ ਭਰਮਾਇਆ ਗਿਆ ਸੀ।
2010 by Bible League International