ਅੱਯੂਬ 13
Punjabi Bible: Easy-to-Read Version
13 ਅੱਯੂਬ ਨੇ ਆਖਿਆ,
“ਮੈਂ ਇਹ ਸਭ ਕੁਝ ਪਹਿਲਾਂ ਵੇਖਿਆ ਹੋਇਆ।
ਮੈਂ ਪਹਿਲਾਂ ਵੀ ਰਹ ਗੱਲ ਸੁਣ ਚੁੱਕਿਆ ਹ੍ਹਾਂ ਜੋ ਤੁਸੀਂ ਆਖਦੇ ਹੋ।
ਮੈਂ ਉਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਦਾ ਹਾਂ।
2 ਮੈਂ ਤੁਹਾਡੇ ਜਿੰਨਾ ਹੀ ਜਾਣਦਾ ਹਾਂ।
ਮੈਂ ਤੁਹਾਡੇ ਜਿੰਨਾ ਹੀ ਚਤੁਰ ਹਾਂ।
3 ਪਰ ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ।
ਮੈਂ ਸਰਬ-ਸ਼ਕਤੀਮਾਨ ਪਰਮੇਸ਼ੁਰ ਨਾਲ ਗੱਲ ਕਰਨੀ ਚਾਹੁੰਦਾ ਹਾਂ।
ਮੈਂ ਆਪਣੀਆਂ ਮੁਸੀਬਤਾਂ ਬਾਰੇ ਪਰਮੇਸ਼ੁਰ ਨਾਲ ਬਹਿਰ ਕਰਨੀ ਚਾਹੁੰਦਾ ਹਾਂ।
4 ਪਰ ਤੁਸੀਂ ਤਿੰਨੇ ਜਾਣੇ ਆਪਣੀ ਅਗਿਆਨਤਾ ਨੂੰ ਝੂਠ ਨਾਲ ਢੱਕਣਾ ਚਾਹੁੰਦੇ ਹੋ।
ਤੁਸੀਂ ਉਨ੍ਹਾਂ ਨਿਕੰਮੇ ਹਕੀਮਾਂ ਵਰਗੇ ਹੋ ਜਿਹੜੇ ਕਿਸੇ ਦਾ ਵੀ ਇਲਾਜ ਨਹੀਂ ਕਰ ਸੱਕਦੇ।
5 ਕਾਸ਼ ਕਿ ਤੁਸੀਂ ਸਿਰਫ਼ ਖਾਮੋਸ਼ ਹੋ ਜਾਁਦੇ।
ਇਹੀ ਸਭ ਤੋਂ ਸਿਆਣਪ ਭਰੀ ਗੱਲ ਹੁੰਦੀ ਜਿਹੜੀ ਤੁਸੀਂ ਕਰ ਸੱਕਦੇ ਸੀ।
6 “ਹੁਣ ਮੇਰੀ ਦਲੀਲ ਨੂੰ ਸੁਣੋ।
ਜੋ ਵੀ ਮੈਂ ਤੁਹਾਨੂੰ ਆਖਦਾ ਹਾਂ ਸੁਣੋ।
7 ਕੀ ਤੁਸੀਂ ਪਰਮੇਸ਼ੁਰ ਲਈ ਝੂਠ ਬੋਲੋਁਗੇ?
ਕੀ ਤੁਸੀਂ ਸੱਚਮੁੱਚ ਵਿਸ਼ਵਾਸ ਕਰਦੇ ਹੋ ਕਿ ਤੁਹਾਡਾ ਝੂਠ ਹੀ ਹੈ ਜੋ ਪਰਮੇਸ਼ੁਰ ਤੁਹਾਨੂੰ ਆਖਣਾ ਚਾਹੁੰਦਾ ਹੈ।
8 ਕੀ ਤੁਸੀਂ ਪਰਮੇਸ਼ੁਰ ਦਾ ਪੱਖ ਲੈ ਰਹੇ ਹੋ?
ਕੀ ਤੁਸੀਂ ਉਸ ਖਾਤਰ ਉਸ ਦੇ ਮੁਕੱਦਮੇ ਲਈ ਦਲੀਲਬਾਜ਼ੀ ਕਰੋਂਗੇ।
9 ਜੇ ਪਰਮੇਸ਼ੁਰ ਨੇ ਬਹੁਤ ਬਾਰੀਕੀ ਨਾਲ
ਤੁਹਾਡਾ ਨਿਰੀਖਣ ਕੀਤਾ ਕੀ ਉਹ ਤੁਹਾਨੂੰ ਦਰਸਾਵੇਗਾ ਕਿ ਤੁਸੀਂ ਠੀਕ ਹੋ?
ਕੀ ਤੁਸੀਂ ਸੱਚਮੁੱਚ ਸੋਚਦੇ ਹੋ ਕਿ ਤੁਸੀਂ ਪਰਮੇਸ਼ੁਰ ਨੂੰ ਮੂਰਖ ਬਣਾ ਸੱਕਦੇ ਹੋ।
ਉਵੇਂ ਹੀ ਜਿਵੇਂ ਤੁਸੀਂ ਲੋਕਾਂ ਨੂੰ ਮੂਰਖ ਬਣਾਉਂਦੇ ਹਨ।
10 ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਡੀ ਅਲੋਚਨਾ ਕਰੇਗਾ ਜੇ
ਤੁਸੀਂ ਕਚਿਹਰੀ ਅੰਦਰ ਕਿਸੇ ਬੰਦੇ ਦੇ ਪੱਖ ਦੀ ਚੋਣ, ਇਸੇ ਲਈ ਕਰਦੇ ਹੋਂ ਕਿਉਂ ਕਿ ਉਹ ਮਹੱਤਵਪੂਰਣ ਹੈ।
11 ਪਰਮੇਸ਼ੁਰ ਦੀ ਮਹਾਨਤਾ ਤੁਹਾਨੂੰ ਭੈਭੀਤ ਕਰਦੀ ਹੈ,
ਤੁਸੀਂ ਉਸ ਤੋਂ ਡਰਦੇ ਹੋ।
12 ਤੁਹਾਡੇ ਰਟੇ ਹੋਏ ਪਾਠ ਸਿਰਫ਼ ਅਰਬਹੀਣ ਕਹਾਉਤਾਂ ਹਨ।
ਤੁਹਾਡੀਆਂ ਦਲੀਲਾਂ ਮਿੱਟੀ ਜਿੰਨੀਆਂ ਬੇਕਾਰ ਦਲੀਲਾਂ ਹੀ ਹਨ।
13 “ਖਾਮੋਸ਼ ਰਹੋ ਤੇ ਮੈਨੂੰ ਗੱਲ ਕਰਨ ਦਿਉ।
ਮੈਂ ਉਸ ਨੂੰ ਪ੍ਰਵਾਨ ਕਰਦਾ ਹਾਂ ਜੋ ਵੀ ਮੇਰੇ ਨਾਲ ਵਾਪਰਦਾ ਹੈ।
14 ਮੈਂ ਆਪਣੇ-ਆਪ ਨੂੰ ਖਤਰੇ ਵਿੱਚ ਪਾਵਾਂਗਾ ਤੇ
ਮੈਂ ਆਪਣੇ ਜੀਵਨ ਨੂੰ ਆਪਣੇ ਹੱਥਾਂ ਵਿੱਚ ਲੈ ਲਵਾਂਗਾ।
15 ਮੈਂ ਪਰਮੇਸ਼ੁਰ ਵਿੱਚ ਭਰੋਸਾ ਕਰਦਾ ਰਹਾਂਗਾ ਭਾਵੇਂ ਪਰਮੇਸ਼ੁਰ ਮੈਨੂੰ ਮਾਰ ਹੀ ਮੁਕਾਵੇ।
ਪਰ ਮੈਂ ਉਸ ਦੇ ਮੁਖ ਲਈ ਆਪਣੇ-ਆਪ ਦਾ ਬਚਾਉ ਕਰਾਂਗਾ।
16 ਅਤੇ ਜੇ ਪਰਮੇਸ਼ੁਰ ਮੈਨੂੰ ਜਿਉਣ ਦਿੰਦਾ ਹੈ ਇਹ ਤਾਂ ਹੀ ਹੋਵੇਗਾ ਕਿਉਂਕਿ ਮੈਂ ਬੋਲਣ ਦੀ ਦਲੇਰੀ ਕੀਤੀ ਸੀ।
ਕਈ ਵੀ ਬਦ ਆਦਮੀ ਕਦੇ ਪਰਮੇਸ਼ੁਰ ਨੂੰ ਆਮੋ੍ਹ ਸਾਹਮਣੇ ਮਿਲਣ ਦਾ ਹੌਸਲਾ ਨਹੀਂ ਕਰਦਾ।
17 ਧਿਆਨ ਨਾਲ ਸੁਣ ਜੋ ਵੀ ਮੈਂ ਆਖਦਾ ਹਾਂ।
ਮੈਨੂੰ ਸਮਝਾਉਣ ਦੇ।
18 ਮੈਂ ਹੁਣ ਆਪਣਾ ਬਚਾਉ ਕਰਨ ਲਈ ਤਿਆਰ ਹਾਂ।
ਮੈਂ ਆਪਣੀਆਂ ਦਲੀਲਾਂ ਹੋਸ਼ਿਆਰੀ ਨਾਲ ਪੇਸ਼ ਕਰਾਂਗਾ।
ਮੈਂ ਜਾਣਦਾ ਹਾਂ ਕਿ ਮੈਂ ਧਰਮੀ ਸਾਬਿਤ ਕੀਤਾ ਜਾਵਾਂਗਾ।
19 ਜੇ ਕੋਈ ਵੀ ਬੰਦਾ ਸਾਬਤ ਕਰ ਸੱਕਦਾ ਹੈ ਕਿ
ਮੈਂ ਗਲਤ ਹਾਂ ਤਾਂ ਮੈਂ ਫੌਰਨ ਚੁੱਪ ਹੋ ਜਾਵਾਂਗਾ।
20 “ਹੇ ਪਰਮੇਸ਼ੁਰ ਬਸ ਦੋ ਚੀਜ਼ਾਂ ਮੈਨੂੰ ਦੇ ਫੇਰ
ਮੈਂ ਤੈਥੋਂ ਨਹੀਂ ਛੁਪਾਂਗਾ:
21 ਮੈਨੂੰ ਦੰਡ ਦੇਣਾ ਬੰਦ ਕਰ ਦੇ,
ਤੇ ਮੈਨੂੰ ਤੇਰੇ ਖੌਫ਼ਾਂ ਰਾਹੀਂ ਭੈਭੀਤ ਕਰਨੋ ਰੁਕ ਜਾ।
22 ਫ਼ੇਰ ਮੈਨੂੰ ਬੁਲਾ ਤੇ ਮੈਂ ਤੈਨੂੰ ਜਵਾਬ ਦੇਵਾਂਗਾ ਜਾਂ
ਮੈਨੂੰ ਬੋਲਣ ਦੇ ਤੇ ਤੂੰ ਮੈਨੂੰ ਜਵਾਬ ਦੇ।
23 ਮੈਂ ਕਿੰਨੇ ਕੁ ਪਾਪ ਕੀਤੇ ਨੇ,
ਮੈਂ ਕੀ ਗ਼ਲਤ ਕੀਤਾ ਹੈ,
ਮੈਨੂੰ ਮੇਰੇ ਪਾਪ ਤੇ ਮੇਰੀਆਂ ਗਲਤੀਆਂ ਦਿਖਾ।
24 ਹੇ ਪਰਮੇਸ਼ੁਰ ਤੂੰ ਮੇਰੇ ਕੋਲੋਂ ਕਿਉਂ ਲਕੋ ਰੱਖਦਾ ਹੈਂ
ਤੇ ਮੇਰੇ ਨਾਲ ਦੁਸ਼ਮਣਾਂ ਵਰਗਾ ਵਿਹਾਰ ਕਰਦਾ ਹੈ?
25 ਕੀ ਤੂੰ ਮੈਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ?
ਮੈਂ ਤਾਂ ਹਵਾ ਵਿੱਚ ਉਡਦਾ ਹੋਇਆ ਇੱਕ ਪੱਤਾ ਹਾਂ।
ਤੂੰ ਇੱਕ ਨਿੱਕੇ ਤਿਨਕੇ ਉੱਤੇ ਹਮਲਾ ਕਰ ਰਿਹਾ ਹੈਂ।
26 ਹੇ ਪਰਮੇਸ਼ੁਰ ਤੂੰ ਮੇਰੇ ਖਿਲਾਫ਼ ਕੌੜੀਆਂ ਗੱਲਾਂ ਆਖਦਾ ਹੈਂ।
ਕੀ ਤੂੰ ਮੈਨੂੰ ਉਨ੍ਹਾਂ ਪਾਪਾਂ ਲਈ ਦੁੱਖ ਦੇ ਰਿਹਾ ਹੈਂ ਜਿਹੜੇ ਮੈਂ ਜਵਾਨੀ ਵੇਲੇ ਕੀਤੇ ਸਨ।
27 ਤੂੰ ਮੇਰੇ ਪੈਰਾਂ ਵਿੱਚ ਸੰਗਲੀਆਂ ਪਾ ਦਿੱਤੀਆਂ ਨੇ,
ਤੂੰ ਹਰ ਕਦਮ ਨੂੰ ਵੇਖਦਾ ਹੈਂ ਜੋ ਮੈਂ ਚੁੱਕਦਾ ਹਾਂ,
ਤੂੰ ਮੇਰੇ ਵੱਧਾੇ ਹਰ ਕਦਮ ਨੂੰ ਵੇਖਦਾ ਹੈਂ।
28 ਇਸ ਲਈ ਮੈਂ ਲੱਕੜ ਦੇ ਉਸ ਟੁਕੜੇ ਵਾਂਗ ਕਮਜ਼ੋਰ
ਤੋਂ ਕਮਜ਼ੋਰ ਹੋ ਰਿਹਾ ਹਾਂ ਜੋ ਕੱਪੜੇ ਦੇ ਉਸ ਟੁਕੜੇ ਵਾਂਗ ਗਲ ਰਿਹਾ ਹੈ ਜਿਸ ਨੂੰ ਕੀੜੇ ਖਾ ਰਹੇ ਹੋਣ।”
2010 by Bible League International