Add parallel Print Page Options

ਨਿਰਦੇਸ਼ਕ ਲਈ: ਕੋਰਹ ਪਰਿਵਾਹ ਦਾ ਇੱਕ ਗੀਤ। ਅਲਾਮੋਥ ਦੁਆਰਾ ਇੱਕ ਗੀਤ।

46 ਪਰਮੇਸ਼ੁਰ ਸਾਡੀ ਤਾਕਤ ਦਾ ਸ਼ਰਚਸ਼ਮਾ ਹੈ।
    ਹਮੇਸ਼ਾ ਸੰਕਟ ਕਾਲ ਵਿੱਚ ਉਸ ਕੋਲੋਂ, ਅਸੀਂ ਸਹਾਇਤਾ ਲੈ ਸੱਕਦੇ ਹਾਂ।
ਇਸੇ ਲਈ ਅਸੀਂ ਨਹੀਂ ਡਰਦੇ ਜਦੋਂ ਧਰਤੀ ਹਿੱਲਦੀ ਹੈ,
    ਅਤੇ ਪਰਬਤ ਸਮੁੰਦਰ ਵਿੱਚ ਡਿੱਗਦੇ ਹਨ।
ਅਸੀਂ ਡਰਦੇ ਨਹੀਂ ਉਦੋਂ ਜਦੋਂ ਸਮੁੰਦਰ ਗਰਜਦੇ ਅਤੇ ਝੱਗ ਕਰਦੇ ਹਨ,
    ਅਤੇ ਸਮੁੰਦਰ ਵਿੱਚਲੇ ਪਰਬਤ ਕੰਬੰਦੇ ਹਨ।

ਇੱਕ ਦਰਿਆ ਹੈ ਜਿਸ ਦੀਆਂ ਧਾਰਾਵਾਂ ਪਰਮੇਸ਼ੁਰ ਦੇ ਸ਼ਹਿਰ ਅੰਦਰ,
    ਸਭ ਤੋਂ ਉੱਚੇ ਪਰਮੇਸ਼ੁਰ ਦੇ ਪਵਿੱਤਰ ਸ਼ਹਿਰ ਅੰਦਰ ਖੁਸ਼ੀ ਲਿਆਉਂਦੀਆਂ ਹਨ।
ਪਰਮੇਸ਼ੁਰ ਉਸ ਸ਼ਹਿਰ ਵਿੱਚ ਹੈ, ਇਸੇ ਲਈ ਉਹ ਕਦੀ ਵੀ ਤਬਾਹ ਨਹੀਂ ਹੋਵੇਗਾ।
    ਸੂਰਜ ਚੱੜ੍ਹਨ ਤੋਂ ਵੀ ਪਹਿਲਾਂ ਪਰਮੇਸ਼ੁਰ ਮਦਦ ਲਈ ਉੱਥੇ ਹੁੰਦਾ।
ਕੌਮਾਂ ਡਰ ਦੇ ਕਾਰਣ ਕੰਬਣਗੀਆਂ; ਜਦੋਂ ਯਹੋਵਾਹ ਰੌਲਾ ਪਾਉਂਦਾ ਹੈ,
    ਉਹ ਰਾਜ ਡਿੱਗ ਪੈਣਗੇ ਅਤੇ ਧਰਤੀ ਮਲੀਆ ਮੇਟ ਹੋ ਜਾਵੇਗੀ।
ਸਰਬ ਸ਼ਕਤੀਮਾਨ ਯਹੋਵਾਹ ਸਾਡੇ ਅੰਗ-ਸੰਗ ਹੈ।
    ਯਾਕੂਬ ਦਾ ਪਰਮੇਸ਼ੁਰ ਸਾਡੀ ਸੁਰੱਖਿਅਤ ਥਾਂ ਹੈ।

ਉਨ੍ਹਾਂ ਸ਼ਕਤੀਸ਼ਾਲੀ ਗੱਲਾਂ ਵੱਲ ਤੱਕੋ ਜੋ ਯਹੋਵਾਹ ਕਰਦਾ ਹੈ।
    ਉਨ੍ਹਾਂ ਹੈਰਾਨੀ ਭਰੀਆਂ ਕਰਨੀਆਂ ਵੱਲ ਤੱਕੋ ਜੋ ਉਸ ਨੇ ਧਰਤੀ ਉੱਤੇ ਕੀਤੀਆਂ ਹਨ।
ਯਹੋਵਾਹ ਲੜਾਈਆਂ ਨੂੰ ਧਰਤੀ ਦੇ ਕਿਸੇ ਕੋਨੇ ਉੱਤੇ ਵੀ ਰੋਕ ਸੱਕਦਾ ਹੈ।
    ਉਹ ਸਿਪਾਹੀਆਂ ਦੀਆਂ ਕਮਾਨਾਂ ਨੂੰ ਤੋੜ ਸੱਕਦਾ ਹੈ।
    ਉਹ ਉਨ੍ਹਾਂ ਦੇ ਨੇਜਿਆਂ ਨੂੰ ਟੁਕੜਿਆਂ ਵਿੱਚ ਤੋੜ ਸੱਕਦਾ ਹੈ ਅਤੇ ਜੰਗੀ ਗਡਿਆਂ ਨੂੰ ਅੱਗ ਨਾਲ ਸਾੜ ਸੱਕਦਾ ਹੈ।

10 ਪਰਮੇਸ਼ੁਰ ਆਖਦਾ ਹੈ, “ਸ਼ਾਂਤ ਰਹੋ ਅਤੇ ਜਾਣੋ ਕਿ ਮੈਂ ਪਰਮੇਸ਼ੁਰ ਹਾਂ।
    ਕੌਮਾਂ ਵਿੱਚ ਮੇਰੀ ਉਸਤਤਿ ਹੋਵੇਗੀ।
    ਮੈਂ ਧਰਤੀ ਉੱਤੇ ਮਹਿਮਾਮਈ ਹੋਵਾਂਗਾ।”

11 ਸਰਬ ਸ਼ਕਤੀਮਾਨ ਯਹੋਵਾਹ ਹਮੇਸ਼ਾ ਸਾਡੇ ਨਾਲ ਹੈ।
    ਯਾਕੂਬ ਦਾ ਯਹੋਵਾਹ ਸਾਡਾ ਸੁਰੱਖਿਅਤ ਸਥਾਨ ਹੈ।

ਨਿਰਦੇਸ਼ਕ ਲਈ: ਕੋਰਹ ਪਰਿਵਾਹ ਦਾ ਇੱਕ ਗੀਤ।

47 ਤੁਸੀਂ ਸਮੂਹ ਲੋਕੋ, ਤਾੜੀ ਮਾਰੋ।
    ਪਰਮੇਸ਼ੁਰ ਲਈ ਖੁਸ਼ੀ ਦੀਆਂ ਕਿਲਕਾਰੀਆਂ ਮਾਰੋ।
ਸਭ ਤੋਂ ਉੱਚਾ ਯਹੋਵਾਹ ਭਰਮ ਭਰਿਆ ਹੈ।
    ਉਹੀ ਸਾਰੀ ਧਰਤੀ ਦੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ।
ਉਹ ਸਾਨੂੰ ਹੋਰਾਂ ਨੂੰ ਹਰਾਉਣ ਵਿੱਚ, ਸਹਾਈ ਹੋਇਆ।
    ਉਸ ਨੇ ਹੋਰਾਂ ਕੌਮਾਂ ਨੂੰ ਸਾਡੇ ਅਧੀਨ ਕਰ ਦਿੱਤਾ।
ਸਾਡੇ ਪਰਮੇਸ਼ੁਰ ਨੇ ਸਾਡੇ ਲਈ ਸਾਡੀ ਧਰਤੀ ਦੀ ਚੋਣ ਕੀਤੀ।
    ਉਸ ਨੇ ਯਾਕੂਬ ਲਈ ਜਿਸ ਬੰਦੇ ਨੂੰ ਉਹ ਪਿਆਰ ਕਰਦਾ ਸੀ। ਉਸ ਅਦਭੁਤ ਧਰਤੀ ਨੂੰ ਚੁਣਿਆ।

ਯਹੋਵਾਹ ਆਪਣੇ ਤਖਤ ਉੱਤੇ ਬਿਗਲ
    ਅਤੇ ਸਿੰਗੀ ਦੀ ਧੁਨੀ ਨਾਲ ਬਿਰਾਜਮਾਨ ਹੁੰਦਾ ਹੈ।
ਪਰਮੇਸ਼ੁਰ ਦੀਆਂ ਉਸਤਤਾਂ ਗਾਵੋ। ਗਾਵੋ ਉਸਤਤਾਂ।
    ਸਾਡੇ ਰਾਜੇ ਦੀਆਂ ਉਸਤਤਾਂ ਗਾਵੋ। ਗਾਵੋ ਉਸਤਤਾਂ।
ਪਰਮੇਸ਼ੁਰ ਸਾਰੀ ਦੁਨੀਆਂ ਦਾ ਰਾਜਾ ਹੈ।
    ਉਸਤਤਿ ਦੇ ਗੀਤ ਗਾਵੋ।
ਪਰਮੇਸ਼ੁਰ ਆਪਣੇ ਪਵਿੱਤਰ ਤਖਤ ਉੱਤੇ ਬਿਰਾਜਮਾਨ ਹੈ।
    ਉਹ ਸਮੂਹ ਕੌਮਾਂ ਉੱਤੇ ਰਾਜ ਕਰਦਾ ਹੈ।
ਕੌਮਾਂ ਦੇ ਆਗੂ ਅਬਰਾਹਾਮ ਦੇ ਪਰਮੇਸ਼ੁਰ ਦੇ
    ਲੋਕਾਂ ਨਾਲ ਮਿਲਕੇ ਇਕੱਠੇ ਹੁੰਦੇ ਹਨ।
ਸਾਰੀਆਂ ਕੌਮਾਂ ਦੇ ਸਾਰੇ ਹੀ ਆਗੂ ਪਰਮੇਸ਼ੁਰ ਦੇ ਹਨ,
    ਪਰਮੇਸ਼ੁਰ ਉਨ੍ਹਾਂ ਸਾਰਿਆਂ ਉੱਪਰ ਹੈ।

ਕੋਰਹ ਪਰਿਵਾਰ ਦਾ ਇੱਕ ਉਸਤਤਿ ਗੀਤ।

48 ਯਹੋਵਾਹ ਮਹਾਨ ਹੈ।
    ਸਾਡੇ ਪਰਮੇਸ਼ੁਰ ਦੀ ਉਸਤਤਿ ਉਸ ਦੇ ਸ਼ਹਿਰ ਵਿੱਚ, ਉਸ ਦੇ ਪਵਿੱਤਰ ਪਰਬਤ ਉੱਤੇ ਹੁੰਦੀ ਹੈ।
ਪਰਮੇਸ਼ੁਰ ਦਾ ਪਵਿੱਤਰ ਸ਼ਹਿਰ ਅਜਿਹੀ ਉਚਾਈ ਸਥਿਰ ਹੈ।
    ਇਹ ਦੁਨੀਆਂ ਭਰ ਦੇ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰਦਾ ਹੈ।
ਪਰਬਤ ਸੀਯੋਨ ਹੀ ਪਰਮੇਸ਼ੁਰ ਦਾ ਅਸਲ ਪਰਬਤ ਹੈ। ਇਹ
    ਸ਼ਹਿਰ ਮਹਾਨ ਰਾਜੇ ਦਾ ਹੈ।
ਉਸ ਸ਼ਹਿਰ ਦੇ ਮਹਿਲਾਂ ਵਿੱਚ ਪਰਮੇਸ਼ੁਰ ਨੂੰ
    ਗੜ੍ਹ ਸਮਝਿਆ ਜਾਂਦਾ ਹੈ।
ਇੱਕ ਵਾਰੀ ਕੁਝ ਰਾਜੇ ਇਕੱਠੇ ਹੋਏ
    ਅਤੇ ਇਸ ਸ਼ਹਿਰ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ।
ਉਨ੍ਹਾਂ ਨੇ ਇਕੱਠਿਆਂ ਅਗਾਂਹਾਂ ਕੂਚ ਕੀਤਾ।
    ਜਦੋਂ ਉਨ੍ਹਾਂ ਰਾਜਿਆਂ ਨੇ ਇਸ ਵੱਲ ਤੱਕਿਆ, ਉਹ ਹੈਰਾਨ ਰਹਿ ਗਏ।
    ਅਤੇ ਉਹ ਦਹਿਸ਼ਤ ਵਿੱਚ ਭੱਜ ਉੱਠੇ।
ਉਨ੍ਹਾਂ ਰਾਜਿਆਂ ਨੂੰ ਡਰ ਨੇ ਖਿੱਚ ਲਿਆ।
    ਉਹ ਡਰ ਨਾਲ ਕੰਬ ਗਏ।
ਹੇ ਪਰਮੇਸ਼ੁਰ, ਤੁਸਾਂ ਜ਼ੋਰਦਾਰ ਹਵਾ ਦੀ ਵਰਤੋਂ ਕੀਤੀ
    ਅਤੇ ਉਨ੍ਹਾਂ ਦੇ ਵੱਡੇ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ।
ਹਾਂ, ਅਸੀਂ ਤੇਰੀ ਸ਼ਕਤੀ ਦੀਆਂ ਕਹਾਣੀਆਂ ਸੁਣੀਆਂ ਪਰ
    ਅਸੀਂ ਇਸ ਨੂੰ, ਸਾਡੇ ਪਰਮੇਸ਼ੁਰ ਦੇ ਸ਼ਹਿਰ ਅੰਦਰ, ਯਹੋਵਾਹ ਸਰਬ ਸ਼ਕਤੀਮਾਨ ਦੇ ਸ਼ਹਿਰ ਅੰਦਰ ਦੇਖਿਆ ਵੀ।
ਪਰਮੇਸ਼ੁਰ ਉਸ ਸ਼ਹਿਰ ਨੂੰ ਸਦਾ ਲਈ ਮਜ਼ਬੂਤ ਬਣਾਉਂਦਾ ਹੈ।

ਹੇ ਪਰਮੇਸ਼ੁਰ, ਅਸੀਂ ਤੁਹਾਡੇ ਮੰਦਰ ਵਿੱਚ ਤੁਹਾਡੀ ਪਿਆਰ ਭਰੀ ਮਿਹਰ ਬਾਰੇ ਵਿੱਚਾਰ ਕਰਦੇ ਹਾਂ।
10 ਹੇ ਪਰਮੇਸ਼ੁਰ ਤੁਸੀਂ ਪ੍ਰਸਿੱਧ ਹੋਂ।
    ਸਾਰੇ ਲੋਕ ਧਰਤੀ ਉੱਪਰ ਹਰ ਥਾਂ ਤੁਹਾਡੀ ਉਸਤਤਿ ਕਰਦੇ ਹਨ।
    ਹਰ ਕੋਈ ਜਾਣਦਾ ਹੈ ਤੁਸੀਂ ਕਿੰਨੇ ਭਿੰਨ ਹੋ।
11 ਹੇ ਪਰਮੇਸ਼ੁਰ, ਸੀਯੋਨ ਪਰਬਤ ਪ੍ਰਸੰਨ ਹੈ।
    ਯਹੂਦਾਹ ਦੇ ਸ਼ਹਿਰ ਤੁਹਾਡੇ ਸ਼ੁਭ ਨਿਆਂਣਿਆ ਕਾਰਣ ਖੁਸ਼ੀ ਮਨਾਉਂਦੇ ਹਨ।
12 ਸੀਯੋਨ ਪਰਬਤ ਦੇ ਆਲੇ-ਦੁਆਲੇ ਫ਼ਿਰੋ।
    ਸ਼ਹਿਰ ਵੱਲ ਵੇਖੋ। ਬੁਰਜਾਂ ਨੂੰ ਗਿਣੋ।
13 ਉੱਚੀਆਂ ਕੰਧਾਂ ਵੱਲ ਵੇਖੋ,
    ਸੀਯੋਨ ਦੇ ਮਹਿਲਾਂ ਦੀ ਤਾਰੀਫ਼ ਕਰੋ।
ਫ਼ੇਰ ਤੁਸੀਂ ਅਗਲੀ ਪੀੜੀ ਨੂੰ ਇਸ ਬਾਰੇ ਦੱਸ ਸੱਕੋਂਗੇ।
14 ਇਹ ਪਰਮੇਸ਼ੁਰ ਸਦਾ-ਸਦਾ ਲਈ ਸਾਡਾ ਪਰਮੇਸ਼ੁਰ ਹੈ।
    ਉਸ ਸਾਡੀ ਸਦਾ-ਸਦਾ ਲਈ ਅਗਵਾਈ ਕਰੇਗਾ।

ਨਿਰਦੇਸ਼ਕ ਲਈ: ਕੋਰਹ ਪਰਿਵਾਰ ਦਾ ਇੱਕ ਗੀਤ।

49 ਤੁਸੀਂ ਸਮੂਹ ਕੌਮੋ ਇਸ ਨੂੰ ਸੁਣੋ।
    ਧਰਤੀ ਦੇ ਸਮੂਹ ਲੋਕੋ ਇਸ ਸਭ ਕਾਸੇ ਨੂੰ ਧਿਆਨ ਨਾਲ ਸੁਣੋ।
    ਅਮੀਰ ਹੋਵੇ ਜਾਂ ਗਰੀਬ ਹਰ ਬੰਦੇ ਨੂੰ ਸੁਣਨਾ ਚਾਹੀਦਾ ਹੈ।
ਮੈਂ ਤੁਹਾਨੂੰ ਕੁਝ ਸਿਆਣੀਆਂ
    ਅਤੇ ਸੂਝਵਾਨ ਗੱਲਾਂ ਦੱਸਾਂਗਾ।
ਮੈਂ ਵੀ ਇਹ ਕਹਾਣੀਆਂ ਸੁਣੀਆਂ ਸਨ।
    ਅਤੇ ਹੁਣ ਮੈਂ ਆਪਣੇ ਰਬਾਬ ਨਾਲ ਗਾਵਾਂਗਾ ਅਤੇ ਉਹ ਸੰਦੇਸ਼ ਤੁਹਾਡੇ ਲਈ ਉਜਾਗਰ ਕਰਾਂਗਾ।

ਜੇ ਮੁਸੀਬਤ ਆਵੇ ਮੈਂ ਕਿਉਂ ਡਰਾਂ। ਡਰਨ ਦੀ ਕੋਈ ਲੋੜ ਨਹੀਂ ਜੇ ਮੰਦੇ ਲੋਕੀ ਮੇਰੇ ਦੁਆਲੇ ਹਨ
    ਅਤੇ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਵਿੱਚ ਹਨ।
ਉਹ ਜਿਹੜੇ ਸੋਚਦੇ ਹਨ ਕਿ ਉਨ੍ਹਾਂ ਦੀ ਤਾਕਤ
    ਅਤੇ ਧਨ ਉਨ੍ਹਾਂ ਦੀ ਰੱਖਿਆ ਕਰੇਗੀ ਮੂਰਖ ਹਨ।
ਕੋਈ ਐਸਾ ਇਨਸਾਨੀ ਦੋਸਤ ਨਹੀਂ ਜਿਹੜਾ ਤੁਹਾਨੂੰ ਬਚਾ ਸੱਕੇ।
    ਅਤੇ ਤੁਸੀਂ ਪਰਮੇਸ਼ੁਰ ਨੂੰ ਰਿਸ਼ਵਤ ਨਹੀਂ ਦੇ ਸੱਕਦੇ।
ਕੋਈ ਬੰਦਾ ਇੰਨਾ ਧਨ ਪ੍ਰਾਪਤ ਨਹੀਂ ਕਰ ਸੱਕਦਾ
    ਜਿਸ ਦੁਆਰਾ ਉਹ ਆਪਣੀ ਜ਼ਿੰਦਗੀ ਖਰੀਦ ਸੱਕੇ।
ਕੋਈ ਵੀ ਇੰਨਾ ਧਨ ਪ੍ਰਾਪਤ ਨਹੀਂ ਕਰ ਸੱਕਦਾ
    ਜਿਸ ਦੁਆਰਾ ਉਹ ਸਦੀਵੀ ਜਿਉਣ ਦਾ ਹੱਕ ਖਰੀਦ ਸੱਕੇ।
    ਅਤੇ ਆਪਣੇ ਸ਼ਰੀਰ ਨੂੰ ਕਬਰ ਵਿੱਚ ਸੜਨ ਤੋਂ ਬਚਾ ਲਵੇ।
10 ਦੇਖੋ, ਸਿਆਣੇ ਲੋਕ ਵੀ ਉਵੇਂ ਮਰਦੇ ਹਨ ਜਿਵੇਂ ਮੂਰਖ ਅਤੇ ਉੱਜੜ ਲੋਕ ਮਰਦੇ ਹਨ।
    ਉਹ ਮਰ ਜਾਂਦੇ ਹਨ ਅਤੇ ਆਪਣੀ ਦੌਲਤ ਹੋਰਾਂ ਲਈ ਛੱਡ ਜਾਂਦੇ ਹਨ।
11 ਉਨ੍ਹਾਂ ਦੀਆਂ ਕਬਰਾਂ ਹੀ ਸਦਾ-ਸਦਾ ਲਈ ਉਨਾਂ ਦਾ ਨਵਾਂ ਘਰ ਹੋਣਗੀਆਂ।
    ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਉਹ ਕਿੰਨੀ ਵੀ ਜ਼ਮੀਨ ਦੇ ਮਾਲਕ ਹੋਣ।
12 ਲੋਕ ਅਮੀਰ ਹੋ ਸੱਕਦੇ ਹਨ, ਪਰ ਸਦਾ ਲਈ ਉਹ ਇੱਥੇ ਟਿਕ ਨਹੀਂ ਸੱਕਦੇ।
13 ਸੱਚਮੁੱਚ ਉਹੀ ਉਨ੍ਹਾਂ ਦਾ ਅੰਤ ਹੈ
    ਜਿਹੜੇ ਆਪਣੀ ਦੌਲਤ ਤੋਂ ਪ੍ਰਸੰਨ ਹੁੰਦੇ ਹਨ।
14 ਉਹ ਲੋਕ ਬਸ ਭੇਡਾਂ ਵਰਗੇ ਹਨ।
    ਕਬਰਿਸਤਾਨ ਹੀ ਉਨ੍ਹਾਂ ਦਾ ਬਾੜਾ ਹੋਵੇਗੀ ਮੌਤ ਉਨ੍ਹਾਂ ਦੀ ਆਜੜੀ ਹੋਵੇਗੀ,
ਫ਼ੇਰ ਉਸ ਸਵੇਰ ਨੂੰ ਚੰਗੇ ਲੋਕ ਹੀ ਜੇਤੂ ਹੋਣਗੇ।
    ਕਿਉਂਕਿ ਉਨ੍ਹਾਂ ਗੁਮਾਨੀ ਲੋਕਾਂ ਦੇ ਸ਼ਰੀਰ ਆਪਣੇ ਮਹਿਲਾਂ ਤੋਂ ਦੂਰ ਹੌਲੀ-ਹੌਲੀ ਕਬਰ ਵਿੱਚ ਸੜ ਜਾਣਗੇ।

15 ਪਰ ਪਰਮੇਸ਼ੁਰ ਮੁੱਲ ਤਾਰੇਗਾ ਅਤੇ ਮੇਰੀ ਜ਼ਿੰਦਗੀ ਦੀ ਰੱਖਿਆ ਕਰੇਗਾ।
    ਉਹ ਮੈਨੂੰ ਕਬਰ ਦੇ ਜ਼ੋਰ ਤੋਂ ਬਚਾ ਲਵੇਗਾ ਜਦੋਂ ਉਹ ਮੈਨੂੰ ਆਪਣੇ ਨਾਲ ਲੈ ਜਾਵੇਗਾ।

16 ਲੋਕਾਂ ਤੋਂ ਇਸ ਲਈ ਨਾ ਡਰੋ ਕਿ ਉਹ ਅਮੀਰ ਹਨ।
    ਲੋਕਾਂ ਤੋਂ ਇਸ ਲਈ ਨਾ ਡਰੋ ਕਿ ਉਹ ਆਲੀਸ਼ਾਨ ਮਕਾਨਾਂ ਵਿੱਚ ਰਹਿੰਦੇ ਹਨ।
17 ਉਹ ਕੋਈ ਵੀ ਚੀਜ਼ ਆਪਣੇ ਨਾਲ ਲੈ ਕੇ ਨਹੀਂ ਜਾ ਸੱਕਦੇ।
    ਜਦੋਂ ਉਹ ਮਰਨਗੇ ਉਹ ਆਪਣੇ ਨਾਲ ਉਨ੍ਹਾਂ ਸਾਰੀਆਂ ਖੂਬਸੂਰਤ ਚੀਜ਼ਾਂ ਵਿੱਚੋਂ ਇੱਕ ਵੀ ਲੈ ਕੇ ਨਹੀਂ ਜਾਣਗੇ।
18 ਇੱਕ ਅਮੀਰ ਆਦਮੀ ਆਪਣੇ ਜੀਵਨ ਵਿੱਚ ਪ੍ਰਾਪਤ ਕੀਤੀ ਸਾਰੀ ਸਫ਼ਲਤਾ ਲਈ ਆਪਣੇ-ਆਪ ਦੀ ਪ੍ਰਸੰਸਾ ਕਰ ਸੱਕਦਾ ਹੈ।
    ਅਤੇ ਹਾਂ, ਹੋਰ ਲੋਕੀਂ ਵੀ ਉਸ ਦੀ ਉਸਤਤਿ ਕਰ ਸੱਕਦੇ ਹਨ ਕਿ ਉਸ ਨੇ ਕਿੰਨੀ ਸਫ਼ਲਤਾ ਪ੍ਰਾਪਤ ਕੀਤੀ ਹੈ।
19 ਪਰ ਉਸ ਦੇ ਮਰਨ ਦਾ
    ਅਤੇ ਆਪਣੇ ਪੁਰਖਿਆਂ ਕੋਲ ਜਾਣ ਦਾ ਸਮਾਂ ਆਵੇਗਾ।
ਅਤੇ ਉਹ ਫ਼ੇਰ ਕਦੇ ਵੀ ਦਿਨ ਦੀ ਰੌਸ਼ਨੀ ਨਹੀਂ ਦੇਖੇਗਾ।
20 ਲੋਕੀ ਅਮੀਰ ਹੋ ਸੱਕਦੇ ਹਨ, ਪਰ ਜੇਕਰ ਫ਼ੇਰ ਵੀ ਉਹ ਨਾ ਸਮਝਣ ਉਹ ਬਿਲਕੁਲ ਜਾਨਵਰਾਂ ਵਾਂਗ ਮਰਨਗੇ।

ਆਸਾਫ਼ ਦਾ ਇੱਕ ਗੀਤ।

50 ਪਰਮੇਸ਼ੁਰਾਂ ਦਾ ਪਰਮੇਸ਼ੁਰ, ਯਹੋਵਾਹ ਬੋਲਿਆ ਹੈ।
    ਉਹ ਧਰਤੀ ਦੇ ਸਾਰੇ ਲੋਕਾਂ ਨੂੰ ਸਵੇਰ ਤੋਂ ਸ਼ਾਮ ਤੱਕ ਬੁਲਾਉਂਦਾ ਹੈ।
ਸੀਯੋਨ ਤੋਂ ਚਮਕਦਾ ਹੋਇਆ ਪਰਮੇਸ਼ੁਰ ਪਰਮ ਸੁੰਦਰ ਹੈ।
ਸਾਡਾ ਪਰਮੇਸ਼ੁਰ, ਆ ਰਿਹਾ ਹੈ।
ਅਤੇ ਉਹ ਚੁੱਪ ਨਹੀਂ ਰਹੇਗਾ।
    ਅੱਗ ਉਸ ਦੇ ਅੱਗੇ ਬਲਦੀ ਹੈ।
    ਇੱਕ ਵੱਡਾ ਤੂਫ਼ਾਨ ਉਸ ਦੇ ਆਲੇ-ਦੁਆਲੇ ਹੈ।
ਸਾਡਾ ਪਰਮੇਸੁਰ ਧਰਤੀ ਅਤੇ ਅਕਾਸ਼ ਨੂੰ ਅਵਾਜ਼ ਦਿੰਦਾ ਹੈ ਕਿ
    ਜਦੋਂ ਉਹ ਆਪਣੇ ਲੋਕਾਂ ਬਾਰੇ ਨਿਆਂ ਕਰੇ ਉਹ ਗਵਾਹ ਹੋਣ।
ਪਰਮੇਸ਼ੁਰ ਆਖਦਾ ਹੈ, “ਤੁਸੀਂ ਸਭ ਜੋ ਮੇਰੇ ਵਫ਼ਾਦਾਰ ਹੋ, ਮੇਰੇ ਆਲੇ-ਦੁਆਲੇ ਇਕੱਠੇ ਹੋਵੋ।
    ਤੁਸੀਂ ਸਾਰੇ ਜਿਨ੍ਹਾਂ ਦਾ ਮੇਰੇ ਨਾਲ ਕਰਾਰ ਹੈ ਆਵੋ ਅਤੇ ਮੈਨੂੰ ਆਪਣੀਆਂ ਬਲੀਆਂ ਭੇਂਟ ਕਰੋ।”

ਪਰਮੇਸ਼ੁਰ ਨਿਰੰਕਾਰ ਹੈ,
    ਅਤੇ ਅਕਾਸ਼ ਉਸਦੀ ਨੇਕੀ ਬਾਰੇ ਦੱਸਦਾ ਹੈ।

ਪਰਮੇਸ਼ੁਰ ਆਖਦਾ ਹੈ, “ਮੇਰੇ ਲੋਕੋ, ਮੇਰੀ ਗੱਲ ਸੁਣੋ।
    ਇਸਰਾਏਲ ਦੇ ਲੋਕੋ, ਮੈਂ ਆਪਣਾ ਸਬੂਤ ਤੁਹਾਡੇ ਵਿਰੁੱਧ ਦਰਸਾਵਾਂਗਾ।
    ਮੈਂ ਪਰਮੇਸ਼ੁਰ ਹਾਂ, ਤੁਹਾਡਾ ਪਰਮੇਸ਼ੁਰ।
ਮੈਂ ਤੁਹਾਡੀਆਂ ਬਲੀਆਂ ਬਾਰੇ ਸ਼ਿਕਵਾ ਨਹੀਂ ਕਰ ਰਿਹਾ।
    ਤੁਸੀਂ ਇਸਰਾਏਲ ਦੇ ਲੋਕ ਹਰ ਸਮੇਂ ਮੇਰੇ ਲਈ ਬਲੀ ਚੜ੍ਹਾਵੇ ਲੈ ਕੇ ਆਉਂਦੇ ਹੋ।
    ਤੁਸੀਂ ਇਹ ਮੈਨੂੰ ਹਰ ਰੋਜ਼ ਦਿੰਦੇ ਹੋ।
ਮੈਂ ਤੁਹਾਡੇ ਘਰਾਂ ਵਿੱਚੋਂ ਬਲਦ ਨਹੀਂ ਲਵਾਂਗਾ।
    ਮੈਂ ਤੁਹਾਡੇ ਬਾੜਿਆਂ ਵਿੱਚੋਂ ਬੱਕਰੇ ਨਹੀਂ ਲਵਾਂਗਾ।
10 ਮੈਨੂੰ ਇਨ੍ਹਾਂ ਜਾਨਵਰਾਂ ਦੀ ਕੋਈ ਲੋੜ ਨਹੀਂ।
ਮੈਂ ਪਹਿਲਾਂ ਹੀ ਜੰਗਲ ਦੇ ਸਾਰੇ ਜਾਨਵਰਾਂ ਦਾ ਮਾਲਕ ਹਾਂ।
    ਮੈਂ ਪਹਿਲਾਂ ਹੀ ਪਰਬਤਾਂ ਦੇ ਸਾਰੇ ਹਜ਼ਾਰਾਂ ਜਾਨਵਰਾਂ ਦਾ ਮਾਲਕ ਹਾਂ।
11 ਉੱਚੇ ਤੋਂ ਉੱਚੇ ਪਰਬਤ ਉੱਤੇ ਬੈਠੇ ਹਰ ਪੰਛੀ ਨੂੰ ਮੈਂ ਜਾਣਦਾ ਹਾਂ।
    ਪਹਾੜੀਆਂ ਵਿੱਚ ਹਰਕਤ ਕਰਦੀ ਹਰ ਸ਼ੈਅ ਮੇਰੀ ਹੈ।
12 ਮੈਂ ਭੁੱਖਾ ਨਹੀਂ ਹਾਂ। ਪਰ ਜੇ ਮੈਂ ਭੁੱਖਾਂ ਹੋਵਾਂ ਵੀ, ਮੈਂ ਤੁਹਾਡੇ ਪਾਸੋਂ ਭੋਜਨ ਨਹੀਂ ਮੰਗਾਂਗਾ।
    ਸਾਰੀ ਦੁਨੀਆ ਅਤੇ ਇਸਦੀ ਹਰ ਸ਼ੈਅ ਪਹਿਲਾਂ ਹੀ ਮੇਰੀ ਹੈ।
13 ਮੈਂ ਬਲਦਾਂ ਦਾ ਮਾਸ ਨਹੀਂ ਖਾਂਦਾ ਮੈਂ ਬੱਕਰੀਆਂ ਦਾ ਲਹੂ ਨਹੀਂ ਪੀਂਦਾ।”

14 ਇਸ ਲਈ ਹੋਰਨਾਂ ਉਪਾਸਨਾ ਕਰਨ ਵਾਲਿਆਂ ਨਾਲ ਸਾਂਝਾ ਕਰਨ ਲਈ ਆਪਣੇ ਧੰਨਵਾਦ ਦੇ ਚੜ੍ਹਾਵੇ ਲਿਆਵੋ।
    ਅਤੇ ਪਰਮੇਸ਼ੁਰ ਦੇ ਨਾਲ ਹੋਣ ਲਈ ਆਵੋ।
ਤੁਸਾਂ ਸਭ ਤੋਂ ਉੱਚੇ ਪਰਮੇਸ਼ੁਰ ਨੂੰ ਵਾਅਦੇ ਦਿੱਤੇ ਸੀ।
    ਇਸ ਲਈ ਉਹ ਚੀਜ਼ਾਂ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ ਅਰਪਣ ਕਰੋ।
15 ਪਰਮੇਸ਼ੁਰ ਆਖਦਾ ਹੈ, “ਜਦੋਂ ਵੀ ਮੁਸੀਬਤਾਂ ਤੁਹਾਨੂੰ ਘੇਰਨ ਮੈਨੂੰ ਬੁਲਾਉ।
    ਮੈਂ ਤੁਹਾਡੀ ਸਹਾਇਤਾ ਕਰਾਂਗਾ ਅਤੇ ਫ਼ੇਰ ਤੁਸੀਂ ਮੇਰਾ ਆਦਰ ਕਰ ਸੱਕਦੇ ਹੋ।”

16 ਪਰਮੇਸ਼ੁਰ, ਬਦਕਾਰ ਲੋਕਾਂ ਨੂੰ ਆਖਦਾ ਹੈ,
    “ਤੁਸੀਂ ਲੋਕੀਂ ਮੇਰੇ ਨੇਮਾਂ ਬਾਰੇ ਗੱਲਾਂ ਕਰਦੇ ਹੋ।
    ਤੁਸੀਂ ਮੇਰੇ ਕਰਾਰ ਬਾਰੇ ਗੱਲਾਂ ਕਰਦੇ ਹੋ।
17 ਇਸੇ ਲਈ, ਜਦੋਂ ਮੈਂ ਤੁਹਾਨੂੰ ਸਹੀ ਕਰਦਾ ਹਾਂ ਤੁਸੀਂ ਮੈਨੂੰ ਨਫ਼ਰਤ ਕਿਉਂ ਕਰਦੇ ਹੋ।
    ਤੁਸੀਂ ਉਨ੍ਹਾਂ ਗੱਲਾਂ ਨੂੰ ਅਣਡਿਠ ਕਿਉਂ ਕਰਦੇ ਹੋਂ ਜੋ ਮੈਂ ਤੁਹਾਨੂੰ ਦੱਸਦਾ ਹਾਂ।
18 ਤੁਸੀਂ ਇੱਕ ਚੋਰ ਨੂੰ ਦੇਖਦੇ ਹੋਂ ਅਤੇ ਨੱਸੱਕੇ ਉਸ ਦੇ ਨਾਲ ਰਲ ਜਾਂਦੇ ਹੋ।
    ਅਤੇ ਤੁਸੀਂ ਵਿਭਚਾਰੀਆਂ ਦੇ ਨਾਲ ਸ਼ਾਮਿਲ ਹੋ ਜਾਂਦੇ ਹੋ।
19 ਤੁਸੀਂ ਲੋਕੀਂ ਮੰਦੀਆਂ ਗੱਲਾਂ ਆਖਦੇ ਹੋ ਅਤੇ ਝੂਠ ਬੋਲਦੇ ਹੋ।
20 ਤੁਸੀਂ ਲਗਾਤਾਰ ਹੋਰਾਂ ਲੋਕਾਂ ਬਾਰੇ,
    ਆਪਣੇ ਭਰਾਵਾਂ ਬਾਰੇ ਵੀ ਮੰਦੀਆਂ ਗੱਲਾਂ ਆਖਦੇ ਹੋ।
21 ਤੁਸਾਂ ਇਹ ਮੰਦੇ ਕਾਰੇ ਕੀਤੇ ਅਤੇ ਮੈਂ ਕੁਝ ਨਹੀਂ ਆਖਿਆ।
    ਇਸ ਲਈ ਤੁਸਾਂ ਸੋਚਿਆ ਕਿ ਮੈਂ ਤੁਹਾਡੇ ਜਿਹਾ ਹੀ ਹਾਂ।
ਅੱਛਾ, ਹੁਣ ਮੈਂ ਲੰਮੇ ਸਮੇਂ ਤੱਕ ਖਾਮੋਸ਼ ਨਹੀਂ ਰਹਾਂਗਾ।
    ਇਹ ਗੱਲਾਂ ਮੈਂ ਤੁਹਾਨੂੰ ਬਹੁਤ ਸਪੱਸ਼ਟ ਕਰ ਦਿਆਂਗਾ, ਅਤੇ ਮੈਂ ਤੁਹਾਡੇ ਸਨਮੁੱਖ ਤੁਹਾਡੇ ਉੱਤੇ ਇਲਜ਼ਾਮ ਲਾਵਾਂਗਾ।
22 ਤੁਸੀਂ ਲੋਕ ਪਰਮੇਸ਼ੁਰ ਨੂੰ ਭੁੱਲ ਗਏ ਹੋ।
    ਇਸ ਲਈ ਇਹ ਚੰਗਾ ਹੈ ਜੇਕਰ ਤੁਸੀਂ ਇਹ ਸਮਝ ਲਵੋ,
ਇਸਤੋਂ ਪਹਿਲਾਂ ਕਿ ਮੈਂ ਤੁਹਾਨੂੰ ਪਾੜ ਸੁੱਟਾਂ।
    ਜਦੋਂ ਇਹ ਹੋਵੇਗਾ, ਕੋਈ ਵੀ ਬੰਦਾ ਤੁਹਾਨੂੰ ਨਹੀਂ ਬਚਾ ਸੱਕੇਗਾ।
23 ਜੇ ਕੋਈ ਬੰਦਾ ਧੰਨਵਾਦ ਦਾ ਚੜ੍ਹਾਵਾ ਪ੍ਰਦਾਨ ਕਰਦਾ ਹੈ ਤਾਂ ਉਹ ਮੇਰੇ ਲਈ ਆਦਰ ਦਰਸਾਉਂਦਾ ਹੈ।
    ਪਰ ਜੇ ਕੋਈ ਬੰਦਾ ਸਹੀ ਢੰਗ ਨਾਲ ਜਿਉਂਦਾ ਹੈ, ਤਾਂ ਮੈਂ ਉਸ ਨੂੰ ਬਚਾਉਣ ਲਈ ਆਪਣੀ ਸ਼ਕਤੀ ਦਰਸਾਵਾਂਗਾ।”